ਸੁਪਨਿਆਂ ਦੀ ਧਰਤ ਬੰਜਰ ਅੱਜ ਸਮੇਂ ਦੀ ਅੱਖ ਵਿਚ।
ਦੂਰ ਤਕ ਖੰਡਰ ਹੀ ਖੰਡਰ ਅੱਜ ਸਮੇਂ ਦੀ ਅੱਖ ਵਿਚ।
ਉਪਜਦੇ ਨੇ ਜ਼ਖ਼ਮ, ਪੀੜਾਂ, ਦਰਦ, ਹਉਕੇ ਨਿਤ ਨਵੇਂ,
ਬੀਜ ਦਿੱਤੇ ਕਿਸ ਨੇ ਕੰਕਰ ਅੱਜ ਸਮੇਂ ਦੀ ਅੱਖ ਵਿਚ।
ਮੋਤੀਆਂ ਦੇ ਢੇਰ ਉੱਤੇ ਕਾਵਾਂ ਰੌਲੀ ਪੈ ਰਹੀ,
ਚੁਗ ਰਹੇ ਨੇ ਹੰਸ ਪੱਥਰ ਅੱਜ ਸਮੇਂ ਦੀ ਅੱਖ ਵਿਚ।
ਕਿਸ ਹਵਾ ਨੇ ਡਸ ਲਿਆ ਹੈ ਇਨ੍ਹਾਂ ਦਾ ਅਣਖੀ ਜਲੌਅ,
ਸ਼ਾਂਤ ਨੇ ਸਾਰੇ ਹੀ ਅੱਖਰ ਅੱਜ ਸਮੇਂ ਦੀ ਅੱਖ ਵਿਚ।
ਹੁਣ ਤਾਂ ਚਿਹਰੇ ਨਿਕਲਦੇ ਨੇ ਪਹਿਨ ਕੇ ਹਰ ਪਲ ਨਕਾਬ,
ਗ਼ੈਰ ਵੀ ਲਗਦੇ ਨੇ ਮਿੱਤਰ ਅੱਜ ਸਮੇਂ ਦੀ ਅੱਖ ਵਿਚ।
ਉਹ ਮਨਾਉਂਦੇ ਨੇ ਜਸ਼ਨ, ਕਹਿੰਦੇ ਨਵਾਂ ਇਹ ਦੌਰ ਹੈ,
ਵਿਛ ਰਹੇ ਨੇ ਥਾਂ-ਥਾਂ ਸੱਥਰ ਅੱਜ ਸਮੇਂ ਦੀ ਅੱਖ ਵਿਚ।
ਆਓ ਰਲ ਮਿਲ ਡੀਕ ਜਾਈਏ ਇਹਦਾ ਕਤਰਾ-ਕਤਰਾ 'ਮਾਨ',
ਦਰਦ ਦਾ ਵਗਦਾ ਸਮੁੰਦਰ ਅੱਜ ਸਮੇਂ ਦੀ ਅੱਖ ਵਿਚ।