ਇਕ ਸੂਰਜ ਬਦਨਾਮੀ ਦਾ

ਇਕ ਸੂਰਜ ਬਦਨਾਮੀ ਦਾ ਜੋਬਨ ਰੰਗ ਬਦਾਮੀ ਦਾ

ਲੀੜਿਆਂ ਉਹਲੇ ਸੂਰਜ ਤਪਦਾ ਸੁਬ੍ਹਾ ਸਵੇਰੇ ਸ਼ਾਮੀਂ ਦਾ

ਇਸ ਸੂਰਜ ਦੀ ਜੋਤ ਭਲੇਰੀ ਮਨ ਮੱਥੇ ਵਿਚ ਬੈਠ ਗਈ

ਜਗਮਗ ਜਗਮਗ ਜਾਪੇ ਕਿਣਕਾ ਕਿਣਕਾ ਆਪਣੀ ਖ਼ਾਮੀ ਦਾ

ਇਸ ਸੂਰਜ ਦੀ ਤਪਸ਼ ਘਨੇਰੀ ਕੰਧਾਂ ਕੋਠੇ ਤਿੜਕ ਗਏ

ਵਿਰਲਾਂ ਥਾਣੀ ਆਏ ਗੁਆਂਢੀ ਲੈ ਕੇ ਸ਼ੌਕ ਖੁਨਾਮੀ ਦਾ

ਰਾਤ ਪਈ ਅਸਾਂ ਦੀਪ ਬੁਝਾਏ ਦਰ ਦਰਵਾਜ਼ੇ ਭੀੜ ਲਏ

ਤਾਂ ਵੀ ਜਾ ਚੁਰਾਹੇ ਬਲਿਆ ਇਕ ਸੂਰਜ ਬਦਨਾਮੀ ਦਾ

ਇਕ ਸੂਰਜ ਬਦਨਾਮੀ ਦਾ ਜੋਬਨ ਰੰਗ ਬਦਾਮੀ ਦਾ

ਲੀੜਿਆਂ ਉਹਲੇ ਸੂਰਜ ਤਪਦਾ ਸੁਬ੍ਹਾ ਸਵੇਰੇ ਸ਼ਾਮੀਂ ਦਾ

📝 ਸੋਧ ਲਈ ਭੇਜੋ