ਸੂਰਜ ਬੂਹੇ ਬੂਹੇ ਅਪਣੇ ਲਹੂ ਦੇ ਦੀਵੇ ਬਾਲ ਗਿਆ ।
ਡੁੱਬਣ ਲੱਗਿਆ ਕੱਲਾ ਡੁੱਬਿਆ, ਕੋਈ ਨਾ ਉਹਦੇ ਨਾਲ ਗਿਆ ।
ਬੱਤੀ ਧਾਰਾਂ ਬਖ਼ਸ਼ੇ ਤੇ, ਅਹਿਸਾਨ ਮਿਰੀ ਮਾਂ-ਧਰਤੀ ਦਾ,
ਸੇਵਾ ਇਹਦੀ ਕੁਝ ਨਾ ਕੀਤੀ, ਪਰ ਨਹੀਂ ਦਿਲੋਂ ਖ਼ਿਆਲ ਗਿਆ ।
ਯਾਦ ਕਰੇ ਭਾਵੇਂ ਭੁੱਲ ਜਾਵੇ, ਇਹ ਦੁਨੀਆਂ ਦੀ ਮਰਜ਼ੀ ਏ,
ਮਾਲੀ ਨੇ ਰਖਵਾਲੀ ਕੀਤੀ, ਬੂਟਾ-ਬੂਟਾ ਪਾਲ ਗਿਆ ।
ਹਾਲ ਮਿਰਾ ਨਾ ਪੁੱਛੋ ਮੈਂ ਨਹੀਂ ਹਾਲ ਸੁਨਾਉਣਾ ਦੁਨੀਆਂ ਨੂੰ,
ਮਾਜ਼ੀ ਨੇ ਤੇ ਜਾਣਾ ਹੀ ਸੀ, ਹਾਲ ਵੀ ਉਹਦੇ ਨਾਲ ਗਿਆ ।
ਹੋਇਆ ਕੀ ਜੇ ਜੁੱਸੇ ਵਿੱਚੋਂ ਫਿਰ ਕੋਈ ਜੁੱਸੀ ਆਇਆ ਨਹੀਂ,
ਰੱਤ ਪਿਲਾ ਕੇ ਰੀਤਾਂ ਨੂੰ ਤੇ ਦੇ ਕੇ ਬਾਂਗ 'ਬਿਲਾਲ' ਗਿਆ ।
ਉਹ ਕਲਮੂੰਹਾਂ ਬੁਰਾ ਮੁਕੱਦਰ, ਮੱਥੇ ਤੋਂ ਮਰ ਚੁੱਕਾ ਏ,
ਓਦੋਂ ਦਾ 'ਸੁਲਤਾਨ' ਸਦਾਉਨਾਂ, ਜਿੱਦਣ ਦਾ ਕੰਗਾਲ ਗਿਆ ।