ਗਿਆ ਸੂਰਜ ਛਿਪਦਾ ਨਾਲ ਮਿਰੇ,
ਕੋਈ ਤੁਰ ਗਿਆ ਦੀਵੇ ਬਾਲ ਮਿਰੇ।
ਚੁੰਮ੍ਹ ਛਾਲੇ ਜ਼ਖ਼ਮੀ ਥਲ ਹੋਏ
ਆ ਪੁੱਛਦਾ ਸੂਰਜ ਹਾਲ ਮਿਰੇ।
ਇਹ ਤੁੰਦ ਹਵਾਵਾਂ ਦੇ ਕਾਸਿਦ
ਰਹੇ ਪੱਥਰ ਵਲ ਉਛਾਲ ਮਿਰੇ।
ਜਦ ਕਾਸਾ ਚੁੱਕਿਆ ਸੂਰਜ ਸੀ
ਚੰਨ ਕਰ ਗਿਆ ਹੱਥ ਹਲਾਲ ਮਿਰੇ।
ਮੈਨੂੰ ਮੁਰਸ਼ਦ ਆਪਣੀ ਕੰਬਲੀ ਦੇ
ਰਾਹ ਖੜ੍ਹੇ ਫ਼ਨਾ ਦੇ ਸੁਆਲ ਮਿਰੇ।
ਜੋ ਤੁਰਿਆ ਸੀ ਨਹੀਂ ਨਾਲ ਮਿਰੇ।
ਰਣ ਰਹਿੰਦਾ ਸਦਾ ਵਿਚਾਲ ਮਿਰੇ।
ਚੜ੍ਹ ਸਮਾਂ ਨਜ਼ਰ ਦੇ ਲਹੂ ਗਿਆ
ਰਾਹ ਡਿੱਗੇ ਘੋੜ ਚੁਫਾਲ ਮਿਰੇ।
ਖੜ ਨਾਜ਼ ਸਮੇਂ ਦਾ ਦੇਖ ਲਵਾਂ
ਕੋਈ ਤੋੜਣ ਗਿਆ ਜਮਾਲ ਮਿਰੇ।
ਫੁੱਲ ਖਿੜਦਾ ਰਾਹ ਵਿਚਕਾਰ ਪਿਆ
ਭਖ ਦੀਦੇ ਹੋ ਗਏ ਲਾਲ ਮਿਰੇ।
ਸ਼ਾਹ ਰਗ ਹੀ ਬਲ ਕੇ ਕੂਕ ਹੋਈ
ਜਦ ਪੈਂਡੇ ਥੱਕਿਆ ਭਾਲ ਮਿਰੇ।
ਡਿਗ ਪੈਂਦੇ ਸੂਰਜ ਅਰਸ਼ਾਂ ਤੋਂ
ਰੰਗ ਲੈਂਦੇ ਕਦਮ ਸੰਭਾਲ ਮਿਰੇ।
ਦਗ ਪੈਂਦੇ ਹਰਫ਼ ਕਿਤਾਬਾਂ ਦੇ
ਟੁੱਟ ਜਾਂਦੇ ਨੇ ਜਦ ਤਾਲ ਮਿਰੇ।
ਹਾਂ, ਤੂਰ ਨਬੀ ਦਾ ਰੌਸ਼ਨ ਹੈ
ਜੇ ਜਿਉਂਦੇ ਰਹਿਣ ਬਿਲਾਲ ਮਿਰੇ।
ਤਿਰੇ ਘੁੰਡ 'ਤੇ ਹਰਫ਼ ਕਿਆਮਤ ਦੇ
ਵਿਚ ਦਗਦੇ ਨੈਣ ਕਮਾਲ ਮਿਰੇ
ਮੈਂ ਕਿਵੇਂ ਤਬੀਬਾ ਸਦ ਦੇਵਾਂ ?
ਆ ਜਾਸਣ ਫੇਰ ਜ਼ਵਾਲ ਮਿਰੇ।
ਮੈਂ ਸਬਕ ਸ਼ਰਾ ਦਾ ਯਾਦ ਕਰਾਂ
ਪਈ ਵਿਹੜੇ ਪਵੇ ਧਮਾਲ ਮਿਰੇ।
ਮੱਚ ਤੇਗ ਧਾਰ ਤੇ ਛਾਲਾ ਪਿਆ
ਉੱਡ ਮਹਿੰਦੀ ਫੜਣ ਵਿਸਾਲ ਮਿਰੇ।
ਥਲ ਡੁੱਬ ਗਿਆ ਵਿਚ ਨੈਣਾਂ ਦੇ
ਉੱਡ ਧੂੜ ਚੜ੍ਹੇ ਨੇ ਵਾਲ ਮਿਰੇ।
ਇਸ ਪੈੜ ਤਿਰੀ ਦੀ ਅੱਗ ਹੇਠਾਂ
ਪਏ ਵਿਕਣ ਗੁਨਾਹ ਦੇ ਸਾਲ ਮਿਰੇ।
ਤੇਰੇ ਵਣਾਂ-ਕਰੀਰਾਂ ਵਿਚ ਬੀਬਾ
ਛੱਡ ਜਾਂਦੇ ਰਿਜ਼ਕ ਹੁਨਾਲ ਮਿਰੇ।
ਧੂੰ ਉਠਦਾ ਥਲ 'ਚੋਂ ਸਾਜ਼ਾਂ ਦਾ
ਸੱਜ ਜਾਂਦੇ ਜਦੋਂ ਕੱਵਾਲ ਮਿਰੇ।
ਮਦ ਪੀਣ ਸਰਾਂ ਵਲ ਬਾਜ਼ ਚੜ੍ਹੇ
ਖੰਭ ਸਾੜਣ ਕਮਲ ਗੁਲਾਲ ਮਿਰੇ।
ਸੁੱਕ ਜਾਂਦੇ ਨੈਣ ਨੇ ਮਾਵਾਂ ਦੇ
ਹੋ ਜਾਂਦੇ ਗਜ਼ਬ ਬਹਾਲ ਮਿਰੇ।
ਟੁੱਟ ਪੈਣ ਫ਼ਕੀਰਾਂ ਦੇ ਕਾਸੇ
ਸਿਰ ਸ਼ਾਹਾਂ ਚੜ੍ਹਣ ਜਲਾਲ ਮਿਰੇ।
ਡਿੱਗ ਪੈਣ ਆਵਾਜ਼ਾਂ ਦੇ ਗੁੰਬਦ
ਹਨ ਖੰਡਰਾਂ ਹੇਠਾਂ ਜਾਲ ਮਿਰੇ।
ਜਦ ਚਸ਼ਮ ਕਰਮ ਦੇ ਕਹਿਰ ਪਵੇ
ਸਿੰਧ ਲੈਂਦੇ ਕਾਸੇ ਭਾਲ ਮਿਰੇ।
ਸੁੰਨ ਛੱਡ ਗਿਆ ਵਿਚ ਰੋਹੀਆਂ ਮੈਂ
ਪਏ ਦਸਦੇ ਬਿਰਖ ਹਵਾਲ ਮਿਰੇ।