ਸੂਰਜ ਤੇ ਧਰਤੀ

ਤੂੰ ਸੂਰਜ

ਮੈਂ ਧਰਤੀ

ਤੇਰੀ ਸਮੁੱਚਤਾ ਤੋਂ ਟੁੱਟਿਆ

ਤੇਰਾ ਅੰਸ਼

ਕਿਸੇ ਕਹਿਰਵਾਨ ਘਟਨਾਕ੍ਰਮ ਨੇ

ਤੇਰੀ ਅੱਗ 'ਚ ਲਟ-ਲਟ ਬਲ਼ਦੀ ਨੂੰ

ਸੁੱਟ ਦਿੱਤਾ

ਬ੍ਰਹਿਮੰਡ ਦੇ ਵਿਚਕਾਰ

ਤੇ ਮੈਂ

ਚਿਪਕ ਗਈ ਕਿਸੇ ਬਿੰਦੂ 'ਤੇ

ਮੈਂ ਤੇਰੇ ਤੋਂ ਟੁੱਟ ਬੁਝਣ ਲੱਗੀ

ਲਾਟ ਤੋਂ ਕੋਲ਼ਾ ਬਣੀ

ਕੋਲ਼ੇ ਤੋਂ ਜ਼ਿਮੀਂ

ਤੇਰੀ ਪਰਿਕਰਮਾ ਕੀਤੀ

ਤੂੰ ਮੈਨੂੰ ਧੁੱਪ ਦੀ ਦਾਤ ਬਖਸ਼ੀ

ਮੈਂ ਫਿਰ ਸੰਵਰੀ

ਕਾਇਨਾਤ ਸਿਰਜੀ

ਤੂੰ ਮੇਰੇ ਤੋਂ ਹਜ਼ਾਰਾਂ

ਲੱਖਾਂ

ਕਰੋੜਾਂ ਕੋਹਾਂ ਦੂਰ

ਫਿਰ ਵੀ ਮੇਰੇ ਕਣ-ਕਣ 'ਚ ਵੱਸਿਆ ਹੈ

ਤੇਰਾ ਨੂਰ

ਤੇਰਾ ਤੇ ਮੇਰਾ

ਕੋਈ ਗਹਿਰਾ ਰਿਸ਼ਤਾ

ਆਦਿ ਤੋਂ ਅੰਤ ਤੱਕ ਦਾ

ਹਰ ਸਬੰਧ ਤੋਂ ਉਚੇਰਾ

ਤੇਰੇ ਨਾਲ ਚੜ੍ਹਦਾ ਸਵੇਰਾ

ਮਿਟਦਾ ਹਨ੍ਹੇਰਾ

ਮੈਂ ਤੇਰੀ ਧਰਤੀ

ਤੂੰ ਮੇਰਾ ਸੂਰਜ

ਆਦਮ ਤੇ ਹੱਵਾ ਸਾਡੀ ਹੀ ਨੇ ਮੂਰਤ

ਤੂੰ ਸੂਰਜ

ਮੈਂ ਧਰਤੀ

ਤੇਰੀ ਸਮੁੱਚਤਾ ਤੋਂ ਟੁੱਟਿਆ ਹੋਇਆ

ਤੇਰਾ ਅੰਸ਼

📝 ਸੋਧ ਲਈ ਭੇਜੋ