ਸੂਰਜ ਤੋਂ ਸਿੱਖੋ
ਸੱਤ ਰੰਗੀਆਂ ਰਿਸ਼ਮਾਂ ਤੋਂ
ਕਿਵੇਂ ਹੋਰ ਨਵੇਂ ਰੰਗ ਉਣੀਂਦੇ
ਤੇ ਧਰਤ ਦੀ ਹਿੱਕ ਉਤੇ
ਰੋਜ਼ ਵੰਨ ਸੁਵੰਨੇ ਡੀਜਾਈਨਾਂ ਫੁੱਲਾਂ ਵਾਲੀਆਂ ਚਾਦਰਾਂ ਕਿਵੇਂ ਵਿਛਾਈ ਦੀਆਂ
ਪਹਾੜਾਂ ਦੀ ਬਰਫ਼
ਕਿਵੇਂ ਹੜ੍ਹ ਬਣ ਵਿਛ ਜਾਂਦੀ ਹੈ ਮੈਦਾਨਾਂ ਦੀ ਹਿੱਕ ਤੇ
ਮੈਂ ਤਾਂ ਨਦੀਆਂ ਦਰਿਆ ਬਣ
ਵਗਣ ਨੂੰ ਕਹਿਣਾ ਸੀ
ਅਸੀਂ ਤਾਂ ਸਿਖਣਾ ਸੀ
ਸਿਆੜਾਂ ਵਿਚ ਮਿਹਨਤ ਕੇਰ
ਲੋਕਾਈ ਦੀ ਭੁੱਖ ਕਿਵੇਂ ਮਿਟਾਈਦੀ ਹੈ
ਕਿਵੇਂ ਸਜਾਈ ਦੇ ਨੇ
ਨੰਨਿਆਂ ਪੰਨਿਆਂ ਤੇ ਸੁਨਿਹਰੀ ਹਰਫ਼
ਨਵੇਂ ਖਿਲੌਣੇ ਕਿਵੇਂ ਬਣਾ ਲਈਦਾ ਹੈ
ਠੀਕਰੀਆਂ ਨੂੰ ਵੀ
ਤੁਸੀਂ ਤਾਂ ਰਾਸ਼ਣ ਦੀ
ਉਡੀਕ ਕਰਨੀ ਸਿੱਖ ਲਈ
ਜਾਂ ਬਿਜਲੀ ਪਾਣੀ ਦਾ ਬਿੱਲ ਨਾ ਭਰਨਾ
ਅਜੇ ਤੁਸੀਂ ਕਲਾਮ ਕੋਲ ਨਹੀਂ ਬੈਠੇ
ਮੂਮਰੁ ਕੀ ਇਸ਼ਾਰਾ ਕਰਦੀ ਹੈ
ਤੁਸੀਂ ਨਹੀਂ ਜਾਣ ਸਕੋਗੇ
ਮੇਰਾ ਵੀ
ਤੁਸੀਂ ਮਜ਼ਾਕ ਹੀ ਉਡਾਓਗੇ
ਕਿਉਂਕਿ ਮੇਰੀ ਵਹੀਰ ਦਾ ਰਾਹ
ਲਾਲੋ ਦੇ ਘਰ ਵੱਲ ਨੂੰ ਜਾਂਦਾ ਹੈ
ਮੈਂ ਤਾਂ
ਕਰਤਾਰ ਪੁਰ ਖੇਤਾਂ ਵਿਚ
ਸੁਪਨੇ ਬੀਜਣ ਵਾਲੇ ਕੋਲ ਲੈਕੇ ਜਾਣਾ ਸੀ ਅਜੇ
ਯਾਦ ਰੱਖਿਓ
ਇਹ ਨਸ਼ੇ ਤਾਂ ਸ਼ਾਇਦ ਹਟ ਜਾਣ
ਪਰ ਕਿਰਤ ਨੂੰ ਛੱਡ
ਨਾ ਪਛਾਨਣ ਵਾਲੇ ਹੱਥ ਅੱਖਾਂ
ਜਿਸ ਦਿਨ ਅੰਨ੍ਹੀਆਂ ਹੋ ਗਈਆਂ
ਤਾਂ ਸੁਕਰਾਤ ਦਾ ਜ਼ਹਿਰ ਪਿਆਲਾ
ਯਾਦ ਆਵੇਗਾ
ਸਵੇਰੇ ਸ਼ਾਮ
ਮਨਸੂਰ ਦਾ ਜਿਸਮ ਹੀ
ਦਿਸੇਗਾ ਸਲੀਬ ਤੇ ਟੰਗਿਆ