ਸੂਰਜਬਾਣੀ

ਹਾਕਮ ਸਾਡੇ ਮਿਹਰਬਾਨ ਸਨ 

ਉਹਨਾਂ ਕਿਹਾ

ਕਿ ਸਾਰੇ ਅਪਣੀ ਮਨਮਰਜ਼ੀ ਦੀ ਮੌਤ ਚੁਣ ਲਵੋ 

ਜੀ ਚਾਹੇ ਤਾਂ ਘਰ ਨੂੰ ਚਿਤਾ ਬਣਾ ਕੇ ਲੇਟੋ 

ਸਾੜ ਦਿਆਂਗੇ ਦੋਹਾਂ ਨੂੰ ਹੀ 

ਬੀਤੀ ਹੋਈ ਜੂਨ ਸਮਝ ਕੇ

ਜੀ ਚਾਹੇ ਤਾਂ ਸ਼ਹਿਰੋਂ ਬਾਹਰ ਨਦੀ ਤਕ ਪਹੁੰਚੋ

ਸਣੇ ਬੇੜੀਆਂ ਡੋਬ ਦਿਆਂਗੇ

ਕਬਰਾਂ ਪੁੱਟੋ

ਜ਼ਿੰਦਾ ਦਫ਼ਨ ਵੀ ਕਰ ਸਕਦੇ ਹਾਂ

ਬਾਕੀ—

ਅਸੀਂ ਤਾਂ ਛੱਟਾ ਦਾਂਗੇ

ਸੜਕਾਂ, ਛੱਤਾਂ, ਫ਼ੁਟਪਾਥਾਂ ਤੇ

ਗਲੀ, ਥੜ੍ਹੇ, ਚੌਰਾਹਿਆਂ ਉਤੇ

ਜਿੱਥੇ ਕਿਤੇ ਨਸੀਬ ਕਿਸੇ ਦੇ

ਡੁੱਲ੍ਹ ਪਵੇਗਾ

ਪਰ

ਪਰਜਾ ਗੁਸਤਾਖ਼ ਬੜੀ ਹੈ

ਵਾਂਗ ਪੈਗ਼ੰਬਰ ਉਚੇ ਟਿਬੇ ਚੜ੍ਹ ਕੇ ਕੋਈ 

ਉਚਾਰ ਰਿਹਾ ਸੀ ਸੂਰਜਬਾਣੀ

ਨਾ ਅਸੀਂ ਮਰਨਾ ਉੱਚੀ ਅੱਗੇ 

ਨਾ ਅਸੀਂ ਮਰਨਾ ਡੂੰਘੇ ਪਾਣੀ 

ਗੋਰ 'ਚ ਵੀ ਜ਼ਿੰਦਾ ਰਹਿਣਾ ਹੈ 

ਅਸੀਂ ਤੇਰੇ ਪਿੰਡੇ ਤੇ ਛੱਟਾ ਅੰਗਿਆਰਾਂ ਦਾ 

ਅਸੀਂ ਤੇਰੇ ਮੱਥੇ ਤੇਰੀ ਸ਼ੁਹਰਤ ਦਾ ਟਿੱਕਾ 

ਅਸੀਂ ਆਪਣਾ ਭਾਗ-ਉਦੈ ਹਾਂ

📝 ਸੋਧ ਲਈ ਭੇਜੋ