ਸੁਰੀਲਾ ਸਾਜ਼ ਹੈ ਸੋਹਣੀ ਅਵਾਜ ਹੈ
ਵਿਲੱਖਣ ਅੰਦਾਜ਼ ਹੈ ਗਹਿਰਾ ਰਾਜ ਹੈ
ਖੂਬਸੂਰਤ ਸ਼ਾਮ ਹੈ ਇੱਕ ਤੇਰਾ ਨਾਮ ਹੈ
ਜ਼ਿੰਦਗੀ ਆਮ ਹੈ ਸਕੂਨ ਤੇ ਅਰਾਮ ਹੈ
ਸਭ ਤੋਂ ਕਮਾਲ ਹੈ ਉਹ ਮੇਰੇ ਨਾਲ ਹੈ
ਸਮੇਂ ਦੀ ਚਾਲ ਹੈ ਤੇ ਰੌਣਕ ਨਿਹਾਲ ਹੈ
ਕੈਸੀ ਕਰਾਮਾਤ ਹੈ ਖੁਦਾ ਦੀ ਬਾਤ ਹੈ
ਖਿੜੀ ਕਾਇਨਾਤ ਹੈ ਸੁੱਖਾਂ ਦੀ ਰਾਤ ਹੈ
ਦਰਬਾਰੀ ਰਾਗ ਹੈ ਹਿਰਦੈ ਵਿਰਾਗ ਹੈ
ਮਸਤਕ ਸੁਭਾਗ ਹੈ ਜਗਦਾ ਚਿਰਾਗ ਹੈ
ਪ੍ਰਕਾਸ਼ ਹੀ ਪ੍ਰਕਾਸ਼ ਹੈ ਜਿਸਦੀ ਤਲਾਸ਼ ਹੈ
ਦੁੱਖਾਂ ਦਾ ਨਾਸ਼ ਹੈ ਤੇ ਧਰਤ ਅਕਾਸ਼ ਹੈ
ਸੱਚਾ ਦਰਬਾਰ ਹੈ ਉਹ ਅਪਰਮਪਾਰ ਹੈ
ਵਿਰਲੇ ਨੂੰ ਸਾਰ ਹੈ ਸਦਾ ਜੈ ਜੈ ਕਾਰ ਹੈ
ਅਸਲ ਵਜ਼ੂਦ ਹੈ ਤੇ ਅਮਰ ਮੌਜੂਦ ਹੈ
ਸੁੰਦਰ ਦੀਵਾਨ ਹੈ ਬਾਦਸ਼ਾਹ ਮਹਾਨ ਹੈ
ਸਦਕੇ ਜਹਾਨ ਹੈ ਝੂਲਦਾ ਨਿਸ਼ਾਨ ਹੈ
ਸਾਬਰੀ ਸਬਰ ਹੈ ਕਿਉਂ ਬੇਖ਼ਬਰ ਹੈ
ਇੱਕ ਮਾਹਰਾਜ ਹੈ ਉਹ ਗਰੀਬਨੀਵਾਜ ਹੈ
ਆਪਣੇ ਤੇ ਨਾਜ਼ ਹੈ ਲੱਜਿਆ ਦੀ ਲਾਜ ਹੈ
ਨੇੜ ਹੈ ! ਨਾ ਦੂਰ ਹੈ ਸਾਹਿਬ ਹਜ਼ੂਰ ਹੈ
ਨੈਣਾਂ ਨੂੰ ਸਰੂਰ ਹੈ ਦੇਖਣਾ ਜ਼ਰੂਰ ਹੈ
ਸਾਧੂ ਹੈ ਫਕੀਰ ਹੈ ਨਾਨਕ ਉੱਚ ਪੀਰ ਹੈ
ਹਰਮੰਦਿਰ ਸਰੀਰ ਹੈ ਬੈਠਾ ਚੌਥਾ ਪੀਰ ਹੈ