ਸੂਰਜਾ ਵੇ

ਤੂੰ ਵੀ ਨਹੀਂ ਰਿਹਾ ਸਾਡਾ ਹੁਣ

ਜਿਹਨੇ ਕੱਚੀ ਨੀਂਦੇ ਸਦਾ ਜਗਾਇਆ

ਕਦੇ ਰੱਜ ਕੇ ਸੌਣ ਵੀ ਨਹੀਂ ਦਿੱਤਾ

ਨਾਹੀ ਥਾਪੜ ਕਦੇ ਸੁਆਇਆ

ਕੌਣ ਸੁਣੇਗਾ ਸਾਡੀ ਰੂਹ ਦੀਆਂ ਚੀਕਾਂ

ਟੁੱਟ ਗਏ ਹਾਂ ਕੰਧੀ ਮਾਰ ਕੇ ਲੀਕਾਂ

ਕਿਉਂ ਨਾ ਹੋਣ ਫੈਸਲੇ ਸਾਡੇ ਹੱਕਾਂ ਦੇ

ਕਿਉਂ ਪੈਂਦੀਆਂ ਉਮਰ ਜੇਡ ਤਾਰੀਕਾਂ

ਕਿਉਂ ਨਹੀਂ ਚੰਦ ਚੰਦਰਾ

ਦਰਾਂ ਕੋਲੋਂ ਲੰਘਦਾ

ਤਾਰੇ ਕਿਉਂ ਨਹੀਂ ਵਿਹੜੇ ਵੜਦੇ

ਕਿਉਂ ਨਹੀਂ ਬੂਰ ਅੰਬੀਆਂ ਨੂੰ ਪੈਂਦੇ

ਅੰਬਰ ਲੇਖ ਕਿਉਂ ਨਹੀਂ ਘੜ੍ਹਦੇ

ਸੂਰਜ ਨੂੰ ਕਿਉਂ ਸੰਗ ਕੁੱਲੀ ਤੋਂ

ਪਾਟੀ ਜੇਹੀ ਤਕਦੀਰ ਜੁੱਲੀ ਤੋਂ

ਚੰਨ ਕਿਉਂ ਨਹੀਂ ਖੇਡਦਾ ਸਾਡੇ ਬੂਹੇ

ਮਰੀਏ ਕਿਹੜੇ ਡੁੱਬ ਕੇ ਖੂਹੇ

ਲੈ ਕੇ ਚਾਅ ਲੱਪ ਸੂਹੇ ਸੂਹੇ

ਕਿੰਨੀਆਂ ਸੱਧਰਾਂ ਸਾਡੀ ਰੂਹੇ

📝 ਸੋਧ ਲਈ ਭੇਜੋ