ਸੁੱਤਿਆਂ ਨੂੰ ਬੇਦਾਰ ਕਰਾਂ ਮੈਂ ਸੋਚ ਰਿਹਾਂ ।
ਕੋਸ਼ਿਸ਼ ਫਿਰ ਇਕ ਵਾਰ ਕਰਾਂ ਮੈਂ ਸੋਚ ਰਿਹਾਂ ।
ਆਪਣੇ ਮਗਰੋਂ ਆਵਣ ਵਾਲੇ ਲੋਕਾਂ ਲਈ,
ਰਸਤੇ ਨੂੰ ਹਮਵਾਰ ਕਰਾਂ ਮੈਂ ਸੋਚ ਰਿਹਾਂ ।
ਬੰਦਿਆਂ ਤੇ ਇਤਬਾਰ ਕਰਨ ਤੋਂ ਚੰਗਾ ਏ,
ਸੱਪਾਂ ਤੇ ਇਤਬਾਰ ਕਰਾਂ ਮੈਂ ਸੋਚ ਰਿਹਾਂ ।
ਮਰ ਵੀ ਜਾਵਾਂ ਤੇ ਇਹ ਦੁਨੀਆਂ ਯਾਦ ਕਰੇ,
ਉਹ ਅਣਹੋਣੀ ਕਾਰ ਕਰਾਂ ਮੈਂ ਸੋਚ ਰਿਹਾਂ ।
ਜਿੰਦੜੀ ਨੂੰ ਤੇ ਨੇੜੇ ਹੋ ਕੇ ਵੇਖ ਲਿਆ,
ਮੌਤ ਦਾ ਹੁਣ ਦੀਦਾਰ ਕਰਾਂ ਮੈਂ ਸੋਚ ਰਿਹਾਂ ।
ਅੱਖਾਂ ਜੀਹਦੀ ਸੂਰਤ ਵੀ ਨਾ ਤੱਕਣਾ ਚਾਹੁਣ,
'ਆਗ਼ਾ' ਉਹਨੂੰ ਪਿਆਰ ਕਰਾਂ ਮੈਂ ਸੋਚ ਰਿਹਾਂ ।