ਅੱਖਾਂ ਵਿਚ ਉਨੀਂਦਾ ਰੜਕੇ 

ਚਿੰਤਾ ਬਣੀ ਸਰ੍ਹਾਣਾ ਸਿਰ ਦਾ 

ਸਾਨੂੰ ਰੋਗ ਰਜ਼ਾਈਆਂ ਦਾ ਓਢਣ 

ਆਉਣ ਭਿਆਨਕ ਸੁਪਨੇ ਤੜਕੇ

ਚਾਹ ਦੇ ਇਕ ਤੱਤੇ ਕੱਪ ਉੱਤੇ 

ਦੇਸੀ ਅਤੇ ਦਸੌਰੀ ਖ਼ਬਰਾਂ 

ਕਾਲੇ ਤੇ ਕੰਡਿਆਲੇ ਅੱਖਰ 

ਨਫ਼ਰਤ ਗੁੱਤੇ ਵਿਹੁ-ਵਿਗੁੱਤੇ

ਇਹ ਧਰਤੀ ਦੀ ਗੇਂਦ ਪੁਰਾਣੀ 

ਕਿਸੇ ਵਕਤ ਦੀ ਫਟ ਸਕਦੀ ਹੈ 

ਇਸ ਦੇ ਪੁਰਜ਼ੇ ਉੱਡ ਸਕਦੇ ਨੇ 

ਸੁੰਨ ਖ਼ਲਾ ਦੀਆਂ ਚੁੱਪਾਂ ਥਾਣੀ 

ਇਹ ਆਈ ਹੈ ਨਸਦੀ ਨਸਦੀ 

ਭੋਲੀ ਜਹੀ ਗੁਆਂਢਣ ਬੱਚੀ 

ਦੋ ਸੱਜਰੇ ਫੁੱਲ ਗੋਦੀ ਧਰ ਕੇ 

ਦੌੜ ਗਈ ਹੈ ਹੱਸਦੀ ਹੱਸਦੀ

ਫੇਰ ਸਵੇਰ ਸੁਗੰਧਤ ਹੋਈ 

ਹੁਣ ਮੈਂ ਖਿੜੀ ਖਿੜੀ ਰੂਹ ਲੈ

ਆਪਣੇ ਦਫ਼ਤਰ ਜਾ ਸਕਦਾ ਹਾਂ

ਅੱਜ ਦਾ ਦਿਨ ਦੇਹ ਰਹੂ ਨਰੋਈ।

📝 ਸੋਧ ਲਈ ਭੇਜੋ