ਖੜਕੇ ਨੇ ਬੂਹੇ ਬਾਰੀਆਂ 

ਕੰਬੀਆਂ ਨੇ ਕੰਧਾਂ ਸਾਰੀਆਂ 

ਬੰਬਾਂ ਦੀ ਧਮਕ ਨਾਲ ਸੋਅ 

ਆਈ ਹੈ ਤੇਰੇ ਜਨਮ ਦੀ।

ਪਹਿਲਾਂ ਏਂ ਫੁੱਲ ਪਿਆਰ ਦਾ

ਸਹਿਮੀ ਹੋਈ ਬਹਾਰ ਦਾ 

ਕਿਹੜਾ ਸ਼ਗਨ ਮਨ ਲਵਾਂ 

ਕਿਹੜਾ ਕਰਾਂ ਮੈਂ ਮੁਲਤਵੀ।

ਰੱਬ ਤੋਂ ਮੁਰਾਦਾਂ ਲੋੜੀਆਂ 

ਗਾਵੋ ਨੀ ਕੁੜੀਉ ਘੋੜੀਆਂ 

ਮਿੱਟੀ ਸਮੇਂ ਦੀ ਵਿਚ ਹੈ 

ਮੇਰੀ ਵੀ ਹੋਈ ਜੜ ਹਰੀ।

ਮੁਲਕਾਂ ਨੇ ਤੋਪਾਂ ਦਾਗ਼ੀਆਂ 

ਹੋਈਆਂ ਨੇ ਆਤਸ਼ਬਾਜ਼ੀਆਂ

ਕਿੰਨਾ ਤਕੱਲੁਫ ਹੋ ਰਿਹਾ

ਤੇਰੇ ਸਵਾਗਤ ਦੇ ਲਈ।

ਹਮਦਰਦ ਦੋਸਤਾਂ ਦੀਆਂ 

ਸ਼ੁਭ ਕਾਮਨਾਵਾਂ ਪਹੁੰਚੀਆਂ 

ਹੋਏਗੀ ਕੇਹੋ ਜਹੀ ਪਰ 

ਤੇਰੇ ਲਈ ਇਹ ਜ਼ਿੰਦਗੀ।

ਮੈਂ ਤੇਰਾ ਰਚਣਹਾਰ ਹਾਂ 

ਮੈਂ ਹੀ ਗੁਨਾਹਗਾਰ ਹਾਂ

ਮੈਨੂੰ ਖ਼ੁਸ਼ੀ ਦੇ ਨਾਲ ਹੀ 

ਹੈ ਹੋ ਰਹੀ ਸ਼ਰਮਿੰਦਗੀ।

ਖੜਕੇ ਨੇ ਬੂਹੇ ਬਾਰੀਆਂ 

ਕੰਬੀਆਂ ਨੇ ਕੰਧਾਂ ਸਾਰੀਆਂ

ਬੰਬਾਂ ਦੀ ਧਮਕ ਨਾਲ ਸੋਅ

ਆਈ ਹੈ ਤੇਰੇ ਜਨਮ ਦੀ।

📝 ਸੋਧ ਲਈ ਭੇਜੋ