ਤਾਣ ਬਣ ਪਰਵਾਜ਼ ਨੇ ਆਖ਼ਿਰ ਪਰਾਂ ਨੂੰ ਪਰਤਣਾ ਹੈ।
ਪੰਛੀਆਂ ਪਰਦੇਸੀਆਂ ਨੇ ਵੀ, ਘਰਾਂ ਨੂੰ ਪਰਤਣਾ ਹੈ।
ਏਨੀਆਂ ਕੰਧਾਂ 'ਤੇ ਟੰਗ ਆਏ ਹਾਂ ਸੁਪਨੇ ਸਿਰਜਣਾ ਦੇ,
ਸਮਝ ਨਈਂ ਆਉਂਦਾ ਕਿ ਹੁਣ ਕਿਹੜੇ ਦਰਾਂ ਨੂੰ ਪਰਤਣਾ ਹੈ।
ਸੱਟ ਖਾਧੇ ਸੱਚ ਨੂੰ ਸਰਹੱਦ ਸਵਿਕਾਰੇਗੀ, ਬੇਸ਼ਕ-
ਪੀੜ ਨੇ ਪਰਵਾਨਗੀ ਲਈ ਦਫ਼ਤਰਾਂ ਨੂੰ ਪਰਤਣਾ ਹੈ।
ਭੁੱਲ-ਭੁਲਾ ਜਾਣੀ ਹੈ ਓਦੋਂ ਤੀਕ ਸਾਰੀ ਬਦਕਲਾਮੀ,
ਵੋਟ ਨੇ ਵਾਪਸ ਜਦੋਂ ਤੱਕ ਵੋਟਰਾਂ ਨੂੰ ਪਰਤਣਾ ਹੈ।
ਪਿਆਰੇ ਪਰਬੰਧਕ! ਮੁਕਾ ਲੇਖਾ ਹੁਣੇ ਹੀ ਤੁਰਨ ਵੇਲੇ,
ਕੌਣ ਕਹਿ ਸਕਦੈ, ਮੁਸਾਫ਼ਿਰ ਮੁੜ ਸਰਾਂ ਨੂੰ ਪਰਤਣਾ ਹੈ!