ਮੇਰੇ ਤੋਂ ਬਾਝ
ਅਧੂਰੀ ਹੈ ਦੁਨੀਆਂ ਤੇਰੀ
ਤੇਰੇ ਹੱਥਾਂ ’ਚ ਫੁੱਲ ਨੇ
ਮੱਥੇ ਤੇ ਸੂਰਜ
ਤੇਰੇ ਸਿਰ ਤੇ ਮੁਕਟ ਹੈ
ਤੇਰੇ ਪੈਰਾਂ ਹੇਠ
ਕੁਲ ਦੁਨੀਆਂ ਦੀਆਂ ਦੌਲਤਾਂ
ਤੇਰੇ ਚਿਹਰੇ ਤੇ
ਚਾਂਦਨੀਆਂ ਨਿਰਤ ਕਰਦੀਆਂ ਨੇ
ਤੇਰੇ ਵਾਲਾਂ ’ਚ
ਸਤਰੰਗੀਆਂ ਜਗਮਗਾਉਂਦੀਆਂ
ਪਰ ਤੇਰੇ ਨੈਣਾਂ ਵਿੱਚ
ਭਰੇ ਬੱਦਲਾਂ ਦੀ
ਉਦਾਸੀ ਆਖਦੀ ਹੈ
ਕਿ ਮੇਰੇ ਤੋਂ ਬਾਝ
ਅਧੂਰੀ ਹੈ ਦੁਨੀਆਂ ਤੇਰੀ
ਕੋਲ ਕਾਇਨਾਤ ਹੈ
ਭਾਵੇਂ ਮੇਰੇ ਵੀ
ਮੇਰੇ ਪੋਟਿਆਂ ’ਚ ਲਰਜ਼ਦੇ ਸ਼ਬਦ
ਹੋਠਾਂ ਤੇ ਮਹਿਕਦਾ ਸੰਗੀਤ
ਮੇਰੇ ਵੀ ਨੈਣਾਂ ’ਚ
ਕਿੰਨੀਆਂ ਧੁੱਪਾਂ ਲਿਸ਼ਕਦੀਆਂ
ਕਿੰਨੀਆਂ ਪੌਣਾਂ
ਚੌਰ ਕਰ ਕੇ ਲੰਘਦੀਆਂ ਮੈਨੂੰ
ਕਿੰਨੇ ਸਮੁੰਦਰ ਮੇਰੇ ਪੈਰਾਂ ਨੂੰ
ਛੂਹ ਕੇ ਗੁਜ਼ਰਦੇ
ਪਰ ਮੇਰੇ ਸ਼ਬਦਾਂ ’ਚੋਂ ਉਦੈ ਹੁੰਦਾ
ਉਦਾਸ ਸੰਗੀਤ ਦੱਸਦਾ ਹੈ
ਕਿ ਤੇਰੇ ਤੋਂ ਬਾਝ
ਅਧੂਰੀ ਹੈ ਦੁਨੀਆਂ ਮੇਰੀ
ਅਸੀਂ ਆਦਿ ਜੁਗਾਦਿ ਤੋਂ
ਇੱਕ ਦੂਜੇ ਬਿਨ ਅਧੂਰੇ
ਧਰਤੀ ਗ੍ਰਹਿਆਂ ਨਛੱਤਰਾਂ ਵਾਂਗ
ਘੁੰਮਦੇ ਇੱਕ ਦੂਜੇ ਲਈ
ਇੱਕ ਹੋਣ ਲਈ
ਤਾਂਘ ਰਹੇ
ਅਸੀਂ
ਜੋ ਅਧੂਰੇ
ਇੱਕ ਦੂਜੇ ਬਿਨਾਂ
ਅਸੀਂ ਮਿਲਾਂਗੇ
ਤਾਂ ਪੂਰੀ ਹੋਵੇਗੀ
ਦੁਨੀਆਂ ਸਾਡੀ।