ਟੱਬਰਾਂ ਦੇ ਟੱਬਰ ਹੁੰਦੇ ਸਨ
ਇੱਕੋ ਵੇਲੇ
ਸਾਹ ਲੈਂਦੇ ਹੁੰਦੇ ਸਨ ਸਾਰੇ
ਕੰਧਾਂ ਉੱਤੋਂ ਦੀ
ਕੌਲੀਆਂ ਸਾਂਝੀਆਂ ਹੁੰਦੀਆਂ ਸਨ
ਪਿੰਡੀਂ ਸ਼ਹਿਰੀਂ ਵਿਹੜਿਆਂ ਵਿਚ
ਕੱਠੀਆਂ ਰੌਣਕਾਂ ਆਉਂਦੀਆਂ ਸਨ
ਇਕ ਵਾਰ
ਸਿਆਣੇ ਦੇ ਕਹਿਣ ਤੇ
ਗਲਵੱਕੜੀਆਂ ਪੈ ਜਾਂਦੀਆਂ ਸਨ
ਰੋਸਿਆਂ ਨਰਾਜ਼ਗੀਆਂ ਨੇ
ਝੱਟ ਮੰਨ ਕੇ
ਇਕੱਠੀਆਂ ਹੋ ਕੇ ਨੱਚਣਾ ਗਾਉਣਾ
ਗੱਲਾਂ ਬਾਤਾਂ
ਹੱਸ ਹੱਸ ਨੇੜੇ ਨੇੜੇ
ਕੋਲ਼ ਕੋਲ ਹੋ
ਬੈਠਣ ਲੱਗ ਜਾਂਦੀਆਂ ਸਨ ਪਲਾਂ ਚ
ਦੁੱਖ ਸੁੱਖ ਸਾਂਝੇ
ਹੋਣ ਲੱਗ ਜਾਂਦੇ ਸਨ
ਕੋਈ ਦਰ ਉਦਾਸ ਦਿਸਣਾ
ਪਿੰਡ ਦਰਾਂ ਤੇ ਆ ਖੜ੍ਹਦਾ ਸੀ
ਐਸੀ ਹਵਾ ਵਗੀ
ਵਕਤ ਨੇ
ਢਾਹ ਢਾਹ ਦਲਾਨ
ਕੰਧਾਂ ਕੱਢ ਲਈਆਂ
ਪਤਨੀਆਂ ਅੱਡੋ ਅੱਡ
ਕਦੇ ਸੋਗ ਨਾ
ਰਲ ਮਿਲ ਬੈਠੇ ਜੋਗੇ ਰਹੇ
ਕਦੇ ਬਾਂਹਾਂ ਚ
ਘੁੱਟ ਕੇ ਜੱਫੀਆਂ ਨਾ ਪਰਤੀਆਂ
ਕਦੇ ਦੰਦ ਬੁੱਲ ਨਾ
ਖਿੜ ਖਿੜਾ ਕੇ ਹੱਸੇ
ਟੱਬਰਾਂ ਨੇ ਤਾਂ ਕੀ
ਮਿਲ ਬੈਠਣਾ ਸੀ
ਉੱਚੀਆਂ ਤੋਂ ਉੱਚੀਆਂ
ਹੰਕਾਰ ਕਿੜ ਚ ਉਸਾਰੀਆਂ
ਇਮਾਰਤਾਂ ਕਦੋਂ
ਇਕ ਦੂਸਰੀ ਨੂੰ ਦੇਖ ਹੱਸਦੀਆਂ ਨੇ
ਈਰਖਾ ਹਰ ਬਨੇਰੇ
ਜਗਣ ਬੁਝਣ ਲੱਗੀਆਂ
ਮੇਰਾ ਪੰਜਾਬ ਤਾਂ
ਓਦਣ ਹੀ ਖੁਰਨ ਲੱਗ ਪਿਆ ਸੀ
ਜਦੋਂ ਟੱਬਰਾਂ ਦੇ ਇਕ ਇਕ ਕਰਕੇ
ਸਾਹ ਖੁਰੇ ਸਨ
ਜਦੋਂ ਸਰਘੀਆਂ ਵਿੱਚ
ਪਹਿਲੀਆਂ ਰਿਸ਼ਮਾਂ ਮਰੀਆਂ ਸਨ
ਹੁਣ ਮੈਂ
ਨਿੱਘੀਆਂ ਰਿਸ਼ਮਾਂ ਲੈ ਸੂਰਜ ਤੋਂ
ਘਰ ਘਰ ਜਾਣਾ
ਤਾਂ ਕਿ ਮੇਰੇ ਪਿੰਡ ਸ਼ਹਿਰ ਫਿਰ
ਇਕੱਠੇ ਹੱਸਣ ਲੱਗ ਜਾਣ
ਮਿਲ ਕੇ ਨੱਚਣ ਲੱਗ ਜਾਣ