ਤੜਕੇ ਸੈਰ ਜਦ ਮੈਂ ਤੁਰੀ

ਤੜਕੇ ਸੈਰ ਜਦ ਮੈਂ ਤੁਰੀ ।

ਚੰਨ ਨਾਲ ਤੋਰ ਤਾ ਪਰਛਾਂਵਾ ।

ਮੜ੍ਹੀਆਂ ਨੇ ਵਾਜਾਂ ਮਾਰੀਆਂ ।

ਜਿਉਂ ਮਾਰਨ ਧੀਆਂ ਨੂੰ  ਮਾਵਾਂ ।

ਮੈਂ ਹੱਥ ਹਿਲਾ ਮਨ੍ਹਾ ਕਰਤਾ ।

ਕਿ ਮੈਂ ਮਿਲਣ ਸੱਜਣ ਨੂੰ  ਜਾਣਾ ।

ਤਾਰਿਆਂ ਨੇ ਪੈੜ ਦੱਬ ਲਈ ।

ਮੈਨੂੰ ਕਰਨ ਲੱਗੇ ਉਹ ਤਾੜਨਾ ।

ਕਿ ਟੁੱਟ ਤੇਰੇ ਪੈਰੀਂ ਡਿੱਗਦੇ ।

ਕਿ ਸਾਨੂੰ ਹੁਕਮ, ਤੁਸਾਂ ਨੂੰ  ਮਾਰਨਾ ।

ਮਰੀ ਵੇਖ ਪਿੱਛੇ ਮੁੜ ਗਏ ।

ਕਹਿੰਦੇ ਮਰਿਆਂ ਨੂੰ  ਕੀ ਮਾਰਨਾ ।

ਅੱਗੇ ਗਈ ਤੇ ਸੁੱਕਾ ਰੁੱਖ ਮਿਲ ਪਿਆ ।

ਮੈਨੂੰ ਵੇਖ ਕੇ ਰੋਈ ਜਾਵੇ ।

ਕਿ ਸਕੇ ਸਾਡੇ ਮੁੱਕ ਨੀ ਗਏ ।

ਅਸੀਂ ਤੇਰੇ ਲੇਖੇ, ਕਿ ਤੈਨੂੰ ਸਾੜਨਾ ।

ਮੜ੍ਹੀ ਵੱਲ ਵੇਖ ਹੱਸ ਪਿਆ ।

ਕਹਿੰਦਾ ਸੜਿਆਂ ਦਾ ਕੀ ਸਾੜਨਾ ।

ਦਰਿਆ ਦੇ ਕੰਢੇ ਤੁਰ ਪਈ ।

ਚੰਦਰਾ ਵੇਖ ਮੈਨੂੰ ਮੁਸਕਾਵੇ ।

ਕਿ ਫੁੱਲ ਬਣ ਤੂੰ ਰੁੜਨਾ ।

ਤੈਨੂੰ ਜ਼ਿੰਦਗੀ ਭੁਲੇਖੇ ਪਾਏ ।

ਮੈਂ ਹਵਾ ਵਾਂਗ, ਮੋੜ ਕੱਟ ਲਿਆ ।

ਕਿ ਸਾਨੂੰ ਤਰਿਆਂ ਨੂੰ  ਦੱਸ ਕੀ ਤੂੰ ਤਾਰਨਾ ।

ਜਿੰਨ੍ਹਾਂ ਨੂੰ  ਸੱਚੀ ਲਗਨ ਲੱਗੀ ।

ਪਹਿਲਾਂ ਨਾਮ ਹੀ ਹੁੰਦਾ ਮਰਜਾਣਾ ।

ਸੱਪਾਂ ਦੀਆਂ ਸਿਰੀਆਂ 'ਤੇ ।

'ਸਰਬ' ਸੌਂਵਣਾ ਬਣਾ ਸਿਰਹਾਣਾ ।

ਸੈਰ ਤਾਂ ਬਹਾਨਾ ਸੋਹਣਿਓਂ ।

ਪਿਆਰ ਸੱਜਣਾ ਸਮਾ ਅਸਾਂ ਜਾਣਾ ।

📝 ਸੋਧ ਲਈ ਭੇਜੋ