ਤੈਨੂੰ ਦੇਖ ਕੇ ਚੇਤਰ ਝੁਕਦਾ ਜਾਂਦਾ ਏ

ਤੈਨੂੰ ਦੇਖ ਕੇ ਚੇਤਰ ਝੁਕਦਾ ਜਾਂਦਾ ਏ ।

ਸੱਚੀ ਆਖਾਂ ਵੇਲਾ ਰੁਕਦਾ ਜਾਂਦਾ ਏ ।

ਮੈਂ ਮੰਜ਼ਿਲ ਨੂੰ ਸਿੱਧਾ ਨੀਤ ਕੇ ਟੁਰ ਪੈਨਾਂ,

ਪੈਂਡਾ ਆਪਣੇ ਆਪ ਈ ਮੁਕਦਾ ਜਾਂਦਾ ਏ ।

ਸਾਵਣ ਰੁੱਤ ਨਾਲ ਭਾਵੇਂ ਮੇਰੀ ਗੂੜ੍ਹ ਬੜੀ,

ਫੇਰ ਵੀ ਅੱਖ ਦਾ ਸੋਮਾਂ ਸੁੱਕਦਾ ਜਾਂਦਾ ਏ ।

ਤੂੰ ਕੀ ਘੁੱਪ ਹਨ੍ਹੇਰੇ ਮੋਢੇ ਸੁੱਟੇ ਨੇ,

ਨਿੰਮੋ ਝਾਣਾ ਸੂਰਜ ਲੁਕਦਾ ਜਾਂਦਾ ਏ ।

ਚੇਤਰ ਹਸ ਲੈ, ਨਾ ਘਬਰਾ, ਮੈਂ ਮੁੜ ਆਉਣੈ,

ਗ਼ਮ ਦਾ ਮੌਸਮ ਕਸਮਾਂ ਚੁੱਕਦਾ ਜਾਂਦਾ ਏ ।

'ਸ਼ਾਦ' ਦੇ ਦਿਲ ਅਸਮਾਨ ਦਾ ਤੂੰ ਉਹ ਤਾਰਾ ਏਂ,

ਜਿਸ ਦੇ ਸਾਹਵੇਂ ਚੰਨ ਵੀ ਝੁਕਦਾ ਜਾਂਦਾ ਏ ।

📝 ਸੋਧ ਲਈ ਭੇਜੋ