ਤਖ਼ਤ ਬਲੌਰੀ

ਤੇਰੀ ਹਰ ਇੱਕ ਬਾਤ ਵਿੱਚ ਐਸਾ ਨਸ਼ਾ

ਜਿਉਂ ਅਲਸੜੇ ਦੀਆਂ ਖੇਤੀਆਂ ਨੂੰ ਚੁੰਮ ਕੇ

ਉੱਡਦੀ ਹੀ ਜਾ ਰਹੀ ਹੋਵੇ ਹਵਾ

ਜਿਉਂ ਨੀਂਦ ਵਿੱਚ ਕੋਈ ਦਿਲ ਜਵਾਂ ਤੇ ਬਾਂਕੜਾ

ਹੈ ਸੁਪਨਿਆਂ ਦੀ ਹੱਦ ਤੀਕਰ ਪਹੁੰਚਿਆ

ਜਾਂ ਜਿਉਂ ਗੁਆਰੀ ਵਿੱਚ ਉੱਗਿਆ ਤਾਂਦਲਾ

ਹਰ ਲੰਘਦੇ ਟੱਪਦੇ ਨੂੰ ਹੋਵੇ ਚਾਹ ਰਿਹਾ

ਅੱਸੂ ਦੇ ਮੱਕੜ-ਤੰਦੜੇ ਦੀਆਂ ਬਣਤਰਾਂ ਨੂੰ

ਆਪਣੇ ਪੱਤਿਆਂ 'ਤੇ ਹੋਵੇ ਪਾ ਰਿਹਾ

ਜਿਉਂ ਸਾਵਿਆਂ ਘਾਹਾਂ ਦੀ ਕੂਲ਼ੀ ਸੇਜ 'ਤੇ

ਕੋਈ ਸਾਗਵਾਨੀ ਬੂਰ ਚਿੱਟਾ ਵਿਛ ਗਿਆ

ਜਾਂ ਅੱਕ ਦੇ ਪੱਤਿਆਂ ਦੀ ਅਜ਼ਲੀ ਚੁਪਚੁਪੀ ਨੂੰ

ਭੰਨ ਕੇ ਦੁੱਧਾਂ ਦਾ ਟੇਪਾ ਰਿਸ ਗਿਆ

ਜਾਂ ਪਾਰ ਦੇਸੋਂ ਰੁੱਖੀਆਂ ਪਹਾੜੀਆਂ 'ਤੇ

ਨਿੱਕੀ-ਨਿੱਕੀ ਧੁੱਪੜੀ ਦਾ ਉੱਡਣਾ

ਰੁੱਖਾਂ ਦੀਆਂ ਖੋੜਾਂ ਦੇ ਅੰਦਰ ਆਥਣੇ

ਜਾਂ ਚੁੰਝੀਆਂ ਦਾ ਚੁੰਝੀਆਂ ਨਾ' ਖੇਡਣਾ

ਜਾਂ ਨੀਲੀਆਂ ਚੁੱਪਾਂ ਦੀ ਭਰ ਕੇ ਅੰਜਲੀ

ਹੋਵੇ ਕਿਸੇ ਨੇ ਮੇਧ ਨੂੰ ਤਰਥੱਲਿਆ

ਜਾਂ ਅੱਖਰਾਂ ਨੂੰ ਹਲ਼ਦੀਆਂ ਵਿੱਚ ਗੁੰਨ੍ਹ ਕੇ

ਜਾਂਦਾ ਹੈ ਸਾਹੇ-ਚਿੱਠੀਆਂ ਨੂੰ ਘੱਲਿਆ

ਤੇਰੀ ਹਰ ਇੱਕ ਬਾਤ ਵਿੱਚ ਐਸਾ ਨਸ਼ਾ

ਨੁੱਕਰੇ ਹੁਸਨ ਦੇ ਜਿਉਂ ਬਲੌਰੀ ਤਖ਼ਤ 'ਤੇ

ਨਾਗਣ ਹਵਾ ਦਾ ਇੱਕ ਸਵੱਈਆ ਬਹਿ ਗਿਆ

ਜਾਂ ਰੰਗਲੀ ਖੂਹੀ ਦੇ ਪਾਣੀ ਮਿੱਠੜੇ

ਕੋਈ ਨੱਢੀਆਂ ਦਾ ਝੁੰਡ ਭਰ ਕੇ ਲੈ ਗਿਆ

ਜਾਂ ਕੁੱਜਿਆਂ ਵਿੱਚ ਕੌਡੀਆਂ ਦੇ ਨਾਚ ਦੀ

ਟਿੱਬਿਆਂ ਦੇ ਉੱਤੋਂ ਰਹੀ ਹੋਵੇ ਸਦਾ

ਜਾਂ ਗੂੰਗਿਆਂ ਖੇਤਾਂ ਦਾ ਬੰਜਰ ਟੁੱਕੜਾ

ਜਣ ਰਿਹਾ ਹੋਵੇ ਗੁਲਾਬੀ ਵਾਸ਼ਨਾ

ਤੇਰੀ ਹਰ ਇੱਕ ਬਾਤ ਵਿੱਚ ਐਸਾ ਨਸ਼ਾ

ਕੋਈ ਵੈਦ ਝਗਲੇ-ਉੱਗਲੇ ਜਿਹੇ ਵੇਸ ਦਾ

ਆਰੋਗਤਾ ਦਾ ਏਲਚੀ ਅਖਵਾ ਰਿਹਾ

ਜਿਉਂ ਹਰੜੀਆਂ ਦੀ ਛਿੱਲ ਤਾਂਈਂ ਕਾੜ੍ਹ ਕੇ

ਮਖਿਆਲ਼ ਦੇ ਛੰਨੇ ਦੇ ਵਿੱਚ ਉਲਟਾ ਰਿਹਾ

ਜਾਂ ਕਾਲ਼ਿਆਂ ਤੂਤਾਂ ਦਾ ਸ਼ਰਬਤ ਢੂੰਡ ਕੇ

ਹੈ ਰੱਬ ਦੇ ਮਾਨੁੱਖ ਨੂੰ ਪਿਲਾ ਰਿਹਾ

ਰੋਹੀ ਦੀ 'ਵਾ ਨੂੰ ਫੱਕਦਾ ਮਸਤਾਨੜਾ

ਅੱਖਾਂ ਤੋਂ ਡਾਢੀ ਦੂਰ ਕਿਧਰੇ ਜਾ ਰਿਹਾ

📝 ਸੋਧ ਲਈ ਭੇਜੋ