ਤਖਤ ਹਜ਼ਾਰਾ ਦੂਰ ਕੁੜੇ

ਏਥੋਂ ਤਖਤ ਹਜ਼ਾਰਾ ਦੂਰ ਕੁੜੇ, 

ਇਸ ਰਾਹ ਦਾ ਵਖਰਾ ਨੂਰ ਕੁੜੇ।

ਇਸ ਰਾਹ 'ਤੇ ਖ਼ੂਨੀ ਘਾਟ ਖੜੇ 

ਤੁਰ ਹਸ਼ਰਾਂ ਲੰਮੀ ਵਾਟ ਖੜੇ 

ਪਏ ਤਕਦੇ ਸਾਰੀ ਰਾਤ ਖੜੇ 

ਤੈਂ ਨਜ਼ਰਾਂ ਦਾ ਦਸਤੂਰ ਕੁੜੇ, 

ਏਥੋਂ ਤਖਤ ਹਜ਼ਾਰਾ ਦੂਰ ਕੁੜੇ।

ਕੁੜੇ ਗਹਿਰ ਲੱਦਿਆ ਹਾੜ੍ਹ ਪਿਆ 

ਕੋਈ ਚੂਕ ਗੁਨਾਹ ਦਾ ਭਾਰ ਰਿਹਾ 

ਭੱਖ ਸੂਰ ਵਰਾਛਾਂ ਪਾੜ ਰਿਹਾ, 

ਹੱਥ ਖ਼ੂਨ ਉਡਾਂਦੇ ਧੂੜ ਕੁੜੇ; 

ਏਥੋਂ ਤਖਤ ਹਜ਼ਾਰਾ ਦੂਰ ਕੁੜੇ।

ਭਰ ਪਿਆਲਾ ਹੌਲ ਦਾ ਪਾਟ ਪਿਆ 

ਕੋਈ ਹਾਲ ਮਚਾਂਦਾ ਵਾਟ ਪਿਆ 

ਸੁੰਨ-ਖੁਭਿਆ ਪਰਲੋਂ-ਘਾਟ ਪਿਆ, 

ਨਾਂਹ ਕਦਮ ਤੇਰੇ ਮਨਜ਼ੂਰ ਕੁੜੇ, 

ਏਥੋਂ ਤਖਤ ਹਜ਼ਾਰਾ ਦੂਰ ਕੁੜੇ

ਇਸ ਰਾਹ 'ਤੇ ਭਖ ਕੇ ਸੂਰ ਕੁੜੇ 

ਬੰਨ੍ਹ ਸਜਦੇ ਵਿਚ ਫਤੂਰ ਕੁੜੇ 

ਪਹੁੰਚੇ ਹੁਸਨ-ਹਜ਼ੂਰ ਕੁੜੇ, 

ਕਰ ਰੰਗ ਹਮੇਸ਼ ਮਨੂਰ ਕੁੜੇ, 

ਏਥੋਂ ਤਖ਼ਤ ਹਜ਼ਾਰਾ ਦੂਰ ਕੁੜੇ।

ਸਭ ਖ਼ੂਨ 'ਸਮਾਨ ਨਪੀੜ ਲਏ 

ਇਸ ਰਾਹ ਨੇ ਬੰਨ੍ਹ ਫ਼ਕੀਰ ਲਏ 

ਚੜ੍ਹ ਗਹਿਰਾਂ ਡੋਬ ਅਖ਼ੀਰ ਲਏ— 

ਰੋਹ ਚੜਿਆ ਹੋ ਮਸ਼ਹੂਰ ਕੁੜੇ, 

ਏਥੋਂ ਤਖਤ ਹਜ਼ਾਰਾ ਦੂਰ ਕੁੜੇ।

ਗਈ ਚੀਕ ਵੀਰਾਨੀ ਪੱਥਰ ਹੋ 

ਗਏ ਝੰਗ ਦੇ ਬੇਲੇ ਸੱਥਰ ਹੋ 

ਪਿਆ ਸਬਰ ਨਿਚੋੜੇ ਝੱਖੜ ਹੋ— 

ਇਸ ਰਾਹ ਦਾ ਸੁੱਕਿਆ ਬੂਰ ਕੁੜੇ, 

ਏਥੋਂ ਤਖਤ ਹਜ਼ਾਰਾ ਦੂਰ ਕੁੜੇ।

ਰੋ ਵਿਰਦ ਕਮਾਂਦੇ ਪੀਰ ਗਏ, 

ਜੋ ਸ਼ਾਹ ਅਸਵਾਰ ਅਮੀਰ ਗਏ 

ਵਿਚ ਜੂਹ ਦੇ ਹੋ ਦਿਲਗੀਰ ਗਏ- 

ਚਾ ਰਜ਼ਾ ਦਾ ਤੋਸ਼ਾ ਹੂਰ ਕੁੜੇ, 

ਏਥੋਂ ਤਖਤ ਹਜ਼ਾਰਾ ਦੂਰ ਕੁੜੇ।

ਲੱਖ ਫ਼ਜਰ ਦੀ ਨੀਂਦਰ ਕੌਲ ਕਰੇ 

ਵੱਡ ਲਸ਼ਕਰ ਛਾਵਾਂ ਘੇਰ ਖੜੇ 

ਜੂਹ ਸਬਰ-ਸਵੇਰਾਂ ਸ਼ੇਰ ਵੜੇ— 

ਕੋਈ ਹਾਣ ਬਲੀ ਦਾ ਨੂਰ ਕੁੜੇ, 

ਏਥੋਂ ਤਖਤ ਹਜ਼ਾਰਾ ਦੂਰ ਕੁੜੇ

ਕੁੜੇ ਚੌੜੇ ਥਲਾਂ 'ਚ ਪੌੜ ਪਿਆ 

ਉਠ ਕਾਬਾ ਸ਼ਰਾ ਦਾ ਦੌੜ ਪਿਆ 

ਹੋ ਡਾਢਾ ਸਾਈਂ ਚੌੜ ਪਿਆ, 

ਤੇਰਾ ਵਾਅਦਾ ਹਰਾ ਕਚੂਰ ਕੁੜੇ, 

ਏਥੋਂ ਤਖਤ ਹਜ਼ਾਰਾ ਦੂਰ ਕੁੜੇ।

ਹਿੱਕ ਭੰਨ ਪਤਾਲਾਂ ਪੌੜ ਵੜੇ 

ਧੱਸ ਰੋਹੀਆਂ ਬੇਲੇ ਤੌੜ ਚੜੇ 

ਫੜ ਝੱਖੜ-ਨੇਸਾਂ ਕੌੜ ਕਰੇ- 

ਤੈਂ ਨਜ਼ਰਾਂ ਕਰਨ ਕਸੂਰ ਕੁੜੇ, 

ਏਥੋਂ ਤਖਤ ਹਜ਼ਾਰਾ ਦੂਰ ਕੁੜੇ।

ਕਦੇ ਰੋਹੀ-ਰਗ ਫਰਵਾਂ ਬੋਲੇ 

ਕਦੇ ਗਜ਼ਬ ਖ਼ੁਦਾ ਦਾ ਛਾਂ ਬੋਲੇ 

ਕਦੇ ਦੂਰ ਝਨਾਂ ਦਾ ਨਾਂ ਬੋਲੇ- 

ਕਦੇ ਬਖ਼ਸ਼ਿਸ਼ ਕਦੇ ਗਰੂਰ ਕੁੜੇ, 

ਏਥੋਂ ਤਖਤ ਹਜ਼ਾਰਾ ਦੂਰ ਕੁੜੇ

ਕਦੇ ਬੁੱਲ੍ਹਿਆਂ ਦੇ ਵਿਚ ਕਾਂ ਬੋਲੇ 

ਕਦੇ ਡੂੰਘਾ ਕਦੇ ਉਤਾਂਹ ਬੋਲੇ 

ਕਦੇ ਪਾਰ-ਉਰਾਰ ਵੀ ਨਾਂਹ ਬੋਲੇ— 

ਕਦੇ ਸੁੱਟਦਾ ਰੰਗ ਸਰੂਰ ਕੁੜੇ, 

ਏਥੋਂ ਤਖਤ ਹਜ਼ਾਰਾ ਦੂਰ ਕੁੜੇ।

ਕਦੇ ਸੁਬਕ ਤਰਬ ਲੈ ਹੁਕਮ ਬਲੀ 

ਰੰਗ ਸੁੱਟਦੀ ਸੂਰਜ-ਕੋਟ ਖਲ੍ਹੀ 

ਸੰਗ ਕਟਕਾਂ ਨੰਨ੍ਹੀ ਜਾਨ ਰਲੀ— 

ਲੁੱਟ ਖੇੜੇ ਹੋ ਨਾਂਹ ਚੂਰ ਕੁੜੇ, 

ਏਥੋਂ ਤਖਤ ਹਜ਼ਾਰਾ ਦੂਰ ਕੁੜੇ।

ਕਦੇ ਕਿਣਕਾ ਬੇ-ਮੁਹਾਰ ਬਣੇ 

ਕਦੇ ਪੈਂਡਾ ਉੱਡ ਗੁਬਾਰ ਬਣੇ 

ਰੰਗ ਮੁਰਸ਼ਦ ਕੂੜ-ਬਜ਼ਾਰ ਬਣੇ— 

ਸਭ ਰਾਹ ਦੁਸ਼ਵਾਰ ਨੇ ਕੂੜ ਕੁੜੇ, 

ਏਥੋਂ ਤਖਤ ਹਜ਼ਾਰਾ ਦੂਰ ਕੁੜੇ।

ਕਦੇ ਨਾਮ ਯਾਰ ਬੇ-ਜਾਨ ਹੋਏ 

ਕਦੇ ਵਸਲ-ਹਿਜਰ ਗੁਮਨਾਮ ਹੋਏ 

ਕਦੇ ਨਬੀ-ਦੀਦਾਰ ਬੇ-ਨਾਮ ਹੋਏ— 

ਰਹੀ ਨਦਰ ਸਾਈਂ ਦੀ ਘੂਰ ਕੁੜੇ, 

ਏਥੋਂ ਤਖਤ ਹਜ਼ਾਰਾ ਦੂਰ ਕੁੜੇ।

ਛੱਡ ਜ਼ਿਕਰ-ਕੂਕ ਅਸਵਾਰ ਗਏ 

ਬੰਨ੍ਹ ਨਾਲ ਲਹੂ ਦੇ ਯਾਰ ਗਏ 

ਉਹ ਜਿੱਧਰ ਗਏ ਦੀਦਾਰ ਗਏ— 

ਰਹੇ ਕੋਟ ਸਮੇਂ ਦੇ ਝੂਰ ਕੁੜੇ, 

ਏਥੋਂ ਤਖਤ ਹਜ਼ਾਰਾ ਦੂਰ ਕੁੜੇ।

ਕੁੜੇ ਨਜ਼ਰ ਤੇਰੀ ਦੇ ਜ਼ੋਰ ਜਲਾਂ 

ਉੱਠ ਪੈਂਦੇ ਲਸ਼ਕਰ ਜਲਾਂ-ਥਲਾਂ 

ਵਿਚ ਕੂਕਾਂ ਦੇ ਘਮਸਾਨ ਰਲਾਂ— 

ਵੱਸ ਸੋਹਣੇ ਸ਼ਹਿਰ ਕਸੂਰ ਕੁੜੇ, 

ਏਥੋਂ ਤਖਤ ਹਜ਼ਾਰਾ ਦੂਰ ਕੁੜੇ

ਸਾਂਝਾ ਤਖਤ ਹਜ਼ਾਰੇ ਦਾ ਬੋਲ ਸੁਣੇ 

ਕੁੜੇ ਮਜਲਸ ਫ਼ਕੀਰਾਂ ਦੀ ਕੋਲ ਸੁਣੇ 

ਸੋਹਣਾ ਘੁੰਡ ਜ਼ੁਲਫ਼ਾਂ ਦਾ ਖੋਲ੍ਹ ਸੁਣੇ— 

ਉੱਗ ਪੈਂਦੇ ਖੰਭ ਜ਼ਰੂਰ ਕੁੜੇ, 

ਇਸ ਰਾਹ ਦਾ ਵੱਖਰਾ ਨੂਰ ਕੁੜੇ।

📝 ਸੋਧ ਲਈ ਭੇਜੋ