ਮੈਂ ਅੰਬਰ ਹੋਣਾ ਲੋਚਦਾ, ਉਹ ਸੰਞ ਦੇ ਸਾਈਂ। 

ਮੇਰੇ ਸੱਖਣੇ ਪਰਾਂ 'ਤੇ, ਕੋਈ ਚੰਨ ਜਗਾਈਂ। 

ਖਿੱਚਿਆ ਮੇਰੀਆਂ ਰਗਾਂ ਨੂੰ, ਸੈ ਥਲਾਂ ਦੇ ਰਾਹਾਂ 

ਝੰਬਿਆ ਮੇਰੇ ਗੀਤ ਨੂੰ, ਝੁੱਲ ਤੱਤੀਆਂ ਵਾਵਾਂ- 

ਖਿੜਦਾ ਖਿੜਦਾ ਸਮੇਂ ਵਿਚ, ਇਕ ਕੌਲ ਨਿਭਾਈਂ, 

ਮੈਂ ਅੰਬਰ ਹੋਣਾ ਲੋਚਦਾ, ਉਹ ਸੰਞ ਦੇ ਸਾਈਂ। 

ਬੂੰਦ ਬੂੰਦ ਰੱਤ ਉਡਦੀ, ਦਿਲ ਡਾਢਾ ਹੌਲੇ 

ਮੇਰਾ ਕੁਫ਼ਰ ਹੀ ਜਿੰਦ 'ਤੇ, ਹੋ ਸੂਰਜ ਮੌਲੇ— 

ਸੰਭਲੇ ਦਿਲ ਦੀ ਤਾਰ ਨਾਂਹ, ਲੈ ਨੂਰ ਅਜਾਈਂ, 

ਮੈਂ ਅੰਬਰ ਹੋਣਾ ਲੋਚਦਾ, ਉਹ ਸੰਞ ਦੇ ਸਾਈਂ। 

ਕੂੰਦ ਕੂੰਦ ਮਨ ਉਡਦਾ, ਮੈਂ ਨੂਰ ਦਾ ਹਾਣੀ 

ਥਲਾਂ ਥਲਾਂ ਵਿਚ ਲੱਭਦਾ, ਧਰਵਾਸ ਦਾ ਪਾਣੀ— 

ਮੈਂ 'ਵਾਜਾਂ ਦੇਂਦਾ ਜਾ ਰਿਹਾ, ਸਭ ਨਗਰ ਗਿਰਾਈਂ 

ਮੈਂ ਅੰਬਰ ਹੋਣਾ ਲੋਚਦਾ, ਉਹ ਸੰਞ ਦੇ ਸਾਈਂ। 

ਨਦਰ ਦੀ ਲਾਲੀ ਬਿਨਾਂ ਹੀ, ਮੈਂ ਨੈਣ ਨੇ ਖ਼ੂਨੀ 

ਚਿੜੀਆਂ ਸਾਹਵੇਂ ਕੂਕਦਾ, ਪੈ ਬਾਜ਼ ਦੀ ਜੂਨੀ— 

ਬਖ਼ਸ਼ੋ ਮੇਰੇ ਉਡਣ ਲਈ, ਪਰਵਾਜ਼ ਹਵਾਈਂ, 

ਮੈਂ ਅੰਬਰ ਹੋਣਾ ਲੋਚਦਾ, ਉਹ ਸੰਞ ਦੇ ਸਾਈਂ। 

ਮੇਰੇ ਸੱਖਣੇ ਪਰਾਂ 'ਤੇ, ਕੋਈ ਚੰਨ ਜਗਾਈਂ।

📝 ਸੋਧ ਲਈ ਭੇਜੋ