ਤਲਾਸ਼ ਇੱਕ ਰਿਸ਼ੀ ਦੀ

 (1)

ਮੈਂ ਹੀ ਭੋਲਾ ਸੀ

ਅਸਲੋਂ ਅਣਜਾਣ

ਬੱਚੇ ਜੇਹਾ ਨਿਰਛਲ!

ਕੀ ਪਤਾ ਸੀ

ਕੌਣ ਹੁੰਦੇ ਨੇ ਧਨੰਤਰ ਵਿਦਵਾਨ

ਤੇ ਕੌਣ ਹੁੰਦੇ ਨੇ ਅਕਲ ਦੇ ਕੋਟ?

ਕਿ ਜਿਨ੍ਹਾਂ ਦੇ ਸਿਰਾਂ ਉੱਤੇ

ਸਰਸਵਤੀ ਦਾ ਮਿਹਰ-ਭਰਿਆ

ਹੱਥ ਹੁੰਦਾ ਹੈ,

ਤੇ ਸਿਰਜਣ-ਦੇਵਤੇ ਦਾ ਵਰਦਾਨ!

ਨਿਰਸੰਦੇਹ ਅਜੇਹੇ ਪੁਰਸ਼ਾਂ ਦੇ

ਰਾਹਾਂ ਵਿਚ

ਕੰਡੇ ਵੀ ਬਹੁਤ ਹੁੰਦੇ ਨੇ

ਪਰ ਪਲਕਾਂ ਨਾਲ

ਕੰਡਿਆਂ ਨੂੰ ਚੁਗਣ ਵਾਲਿਆਂ

ਦੀ ਕੋਈ ਘਾਟ ਨਹੀਂ ਹੁੰਦੀ

(2)

ਬੜਾ ਸੋਚਿਆ,

ਵਿਚਾਰਿਆ,

ਪਰ ਮੇਰਾ ਸਾਥ ਦੇਣ ਜੋਗੀ

ਨਹੀਂ ਸੀ ਮੇਰੀ ਅਕਲ

ਅਧੂਰਾ, ਅੱਧ-ਵਰਿਤਾ

ਮੈਂ ਕਦੇ ਕੁਝ ਲਿਖਣ ਨੂੰ ਮੂੰਹ ਮਾਰਦਾ

ਪਰ ਅਫਸੋਸ

ਅੱਖਰ ਡੋਲਦੇ, ਥਿੜਕਦੇ

ਕੰਬਦੇ

ਤੇ ਅਲੋਪ ਹੋ ਜਾਂਦੇ

ਬਹੁਤ ਵਾਰ

ਤੁਰਿਆ ਜਾਂਦਾ ਮੈਂ

ਰਾਹ ਭੁੱਲ ਜਾਂਦਾ,

ਤੇ ਖ਼ਵਾਰ ਹੋ ਕੇ

ਵਾਪਸ ਘਰ ਪਰਤਦਾ

ਮੈਨੂੰ ਲੱਭਦੇ ਲੱਭਦੇ ਘਰਵਾਲੇ

ਵੱਖ ਪ੍ਰੇਸ਼ਾਨ ਹੁੰਦੇ

ਕਲਪਦੇ, ਝਿੜਕਦੇ

ਪਛਤਾਉਂਦੇ, ਕੁਰਲਾਉਂਦੇ

(3)

ਕਈ ਵਾਰ ਸੋਚਿਆ ਮੈਂ

ਕਿਸੇ ਸਿਆਣੇ ਨੂੰ ਹੱਥ ਵਿਖਾਵਾਂ

ਜੋਤਸ਼ੀ ਨੂੰ ਮਿਲਾਂ

ਪਰ ਦੁਬਿਧਾ ਦਾ ਮਾਰਿਆ ਮੈਂ

ਕਿਸੇ ਤਣ-ਪੱਤਣ ਨਾ ਲੱਗਦਾ

ਬੜੀ ਖੱਜਲ-ਖ਼ਵਾਰੀ

ਤੋਂ ਬਾਅਦ

ਕਿਸੇ ਭਲੇ ਨੇ ਮੇਰਾ ਹੱਥ ਫੜਿਆ

ਤੇ ਇੱਕ ਰਿਸ਼ੀ ਦੀ ਦੱਸ ਪਾਈ

ਆਖਿਆ

''ਕਾਰਖਾਨਿਆਂ ਦੇ ਇੱਕ ਸ਼ਹਿਰ ਵਿਚ

ਜਲਾਵਤਨ ਹੋਇਆ

ਇੱਕ ਰਿਸ਼ੀ ਰਹਿੰਦਾ ਹੈ

ਬਣਬਾਸ ਕੱਟਦਾ, ਜਫਰ ਜਾਲਦਾ,

ਆਪਣੇ ਲਹੂ ਨੂੰ ਤੇਲ ਦੀ ਥਾਂ ਬਾਲਦਾ,

ਰਾਤ ਦਿਨ ਸੱਚ ਦੀਆਂ ਪੈੜਾਂ ਭਾਲਦਾ ।''

ਪੁੱਛ ਪੁੱਛਾ ਕੇ

ਮੈਂ ਜਾ ਉਸ ਦਾ ਬੂਹਾ ਖੜਕਾਇਆ

ਉਹ ਬਾਹਰ ਆਇਆ

ਤੇ ਆਖਣ ਲੱਗਾ,

''ਮੇਰੇ ਲਾਇਕ ਕੋਈ ਸੇਵਾ?''

ਮੈਨੂੰ ਲੱਗਾ

ਇਹ ਤਾਂ ਕੋਈ ਘਰ ਦਾ ਜੀਅ

ਹੀ ਪ੍ਰਤੀਤ ਹੁੰਦਾ ਹੈ!!

ਗੱਲਾਂ ਤੁਰੀਆਂ

ਤਾਂ ਆਖਣ ਲੱਗਾ,

''ਤੇਰੇ ਇਹ ਦੁੱਖ, ਇਹ ਕਲੇਸ਼

ਕੇਵਲ ਤੇਰੇ ਹੀ ਨਹੀਂ

ਏਥੇ ਤਾਂ ਆਵਾ ਹੀ ਊਤਿਆ ਹੋਇਆ ਹੈ

ਸਾਰੇ ਸ਼ਹਿਰਾਂ ਨੂੰ ਇੱਕੋ ਹੀ ਰੋਗ

ਖੋਰੀ ਜਾਂਦਾ ਹੈ ਰਾਤ-ਦਿਨ

ਲੁੱਟ-ਖਸੁੱਟ ਦਾ ਮਾਰੂ ਰੋਗ ।''

''ਤੇ ਇਸ ਦਾ ਇਲਾਜ ਹੈ?''

ਮੈਂ ਪੁੱਛਿਆ

ਆਖਣ ਲੱਗਾ,

''ਇਹ ਕੰਮ ਕਿਸੇ ਇਕੱਲੇ-ਕਾਰੇ ਦਾ ਨਹੀਂ

ਏਥੇ ਤਾਂ ਰਲ ਮਿਲ ਕੇ, ਸਿਰ ਜੋੜ ਕੇ,

ਹੀ ਪੂਰੀ ਪੈਂਦੀ ਹੈ ।''

ਸੁਣ ਕੇ ਮੈਂ ਸੋਚੀਂ ਪੈ ਗਿਆ,

ਤੇ ਪੁੱਛਿਆ,

''ਕੋਈ ਸਿੱਧਾ ਤੇ ਸੌਖਾ ਰਸਤਾ?''

ਆਖਣ ਲੱਗਾ,

''ਇਸ ਰੋਗ ਦਾ ਕੇਵਲ ਇਕੋ ਹੀ

ਦਾਰੂ ਹੈ

ਸੰਘਰਸ਼ ਬਿਨਾਂ ਤਾਂ ਪੱਤਾ ਨਹੀਂ ਹਿੱਲਦਾ

ਤਖਤ ਕਿਵੇਂ ਡੋਲਣਗੇ?

ਤੇ ਸੁੱਖ ਦਾ ਸਾਹ ਕਿਵੇਂ ਆਵੇਗਾ?''

ਸੁਣ ਕੇ ਮੈਂ ਸੋਚੀਂ ਪੈ ਗਿਆ

ਤੇ ਸੋਚਦਾ ਸੋਚਦਾ,

ਘਰ ਪਰਤ ਆਇਆ

(4)

ਘਰ ਕੇ ਮੈਂ ਸੋਚਿਆ,

''ਮੂਰਖ਼ ਮਨਾ!

ਬਗਾਨਿਆਂ ਧਨਾ!

ਉੱਠ ਤੇ ਬਲ ਧਾਰ!

ਸੋਚਾਂ ਉੱਤੋਂ ਧੰੁਦ ਦੇ ਪਰਦੇ ਉਤਾਰ

ਫੋਲ ਆਪਣਾ ਅੰਦਰ

ਤੇ ਆਪਣਾ ਬਾਹਰ

ਕਿੱਥੇ ਨੇ ਤੇਰੇ ਮਿੱਤਰ-ਯਾਰ?

ਬਹਿ ਕੇ ਸਾਰੀ ਗੱਲ ਵਿਚਾਰ!''

ਸੱਚ ਤੇ ਕੁਫ਼ਰ ਨੂੰ ਨਿਤਾਰ!!

(ਕਾਰਲ ਮਾਰਕਸ ਦੇ ਨਾਂ)

📝 ਸੋਧ ਲਈ ਭੇਜੋ