ਤਲੀਆਂ 'ਤੇ ਆਸਮਾਨ ਧਰਨ ਨੂੰ ਕੀਹਦਾ ਜੀਅ ਨਈਂ ਕਰਦਾ
ਵਿਹੜਾ ਖ਼ੁਸ਼ੀਆਂ ਨਾਲ਼ ਭਰਨ ਨੂੰ ਕੀਹਦਾ ਜੀਅ ਨਈਂ ਕਰਦਾ
ਮੁੱਕਦੇ ਨਈਂ ਨੇ ਔਂਤਰ ਜਾਣੇ ਢਿੱਡ ਦੇ ਵੈਲ ਸਿਆਪੇ
ਨਈਂ ਤੇ ਕਸਮੇਂ ਪਿਆਰ ਕਰਨ ਨੂੰ ਕੀਹਦਾ ਜੀਅ ਨਈਂ ਕਰਦਾ
ਮੁੱਖੜਾ ਚੰਨ ਤੇ ਬੱਦਲ ਜ਼ੁਲਫਾਂ ਅੱਖੀਆਂ ਨੇ ਦੋ ਤਾਰੇ
ਇਹ ਜਿਹੇ ਮੁੱਖ ’ਤੇ ਯਾਰ ਮਰਨ ਨੂੰ ਕੀਹਦਾ ਜੀਅ ਨਈਂ ਕਰਦਾ
ਹਿਜਰ ਦੀ ਧੁੱਪੇ ਸੜਦਾ ਏ ਕੋਈ ਚੰਨ ਮਜਬੂਰੀ ਪਾਰੋਂ
ਸੀਨੇ ਲਗ ਲਗ ਰੋਜ਼ ਠਰਨ ਨੂੰ ਕੀਹਦਾ ਜੀਅ ਨਈਂ ਕਰਦਾ
ਮਿੱਠੀ ਮਿੱਠੀ ਅੱਗ ਇਸ਼ਕ ਦੀ ਮਿੱਠੇ ਮਿੱਠੇ ਦੁੱਖੜੇ
ਮਿੱਠੀ ਮਿੱਠੀ ਪੀੜ ਜਰਨ ਨੂੰ ਕੀਹਦਾ ਜੀਅ ਨਈਂ ਕਰਦਾ
ਜਿਨ੍ਹਾਂ ਅੱਖਾਂ ਵਿਚੋਂ ਸੱਜਰੇ ਹਾਸੇ ਡਲ੍ਹਕਾਂ ਮਾਰਨ
ਓਹਨਾਂ ਵਿਚ ਕਈ ਵਾਰ ਤਰਨ ਨੂੰ ਕੀਹਦਾ ਜੀਅ ਨਈਂ ਕਰਦਾ
ਸਾਰੀ ਦੁਨੀਆਂ ਕੋਲ਼ੋਂ ਹਰਿਆਂ ਜੇ ਇੱਕ ਸੱਜਣ ਲੱਭੇ
ਦੱਸ ਬਈ ‘ਸੰਧੂ’ ਫੇਰ ਹਰਨ ਨੂੰ ਕੀਹਦਾ ਜੀਅ ਨਈਂ ਕਰਦਾ