ਤਲੀਆਂ ਤੇ ਚੋਗ ਰੱਖਦੈ
ਮੋਢੇ ਤੇ ਜਾਲ ਰੱਖਦੈ
ਹਾਕਮ ਪਰਿੰਦਿਆਂ ਦਾ
ਕਿੰਨਾ ਖ਼ਿਆਲ ਰੱਖਦੈ
ਮਨ ਵਿੱਚ ਅਜੇ ਹਨੇਰਾ
ਰੱਖਿਆ ਹੈ ਉਸ ਬਥੇਰਾ
ਐਪਰ ਬਨੇਰਿਆਂ ਤੇ
ਦੀਵੇ ਵੀ ਬਾਲ ਰੱਖਦੈ
ਡਿੱਗਦਾ ਨਾ ਇੱਕ ਵੀ ਤਾਰਾ
ਤਕਿਆ ਅਜਬ ਨਜ਼ਾਰਾ
ਕਿੱਦਾਂ ਟਿਕਾ ਕੇ ਅੰਬਰੀਂ
ਪੁੱਠਾ ਉਹ ਥਾਲ ਰੱਖਦੈ
ਸੱਤਾ ਚ ਜੋ ਵੀ ਆਵੇ
ਰਾਵਨ ਜਿਹਾ ਹੋ ਜਾਵੇ
ਕੁਰਸੀ ਦੇ ਨਾਲ ਬੰਨ੍ਹ ਕੇ
ਹਰਦਮ ਹੀ ਕਾਲ ਰੱਖਦੈ
ਟੇਢੀ ਉਹ ਪੱਗ ਸਜਾ ਕੇ
ਦਾਹੜੀ ਨੂੰ ਰੰਗ ਲਗਾ ਕੇ
ਵੇਖੋ ਜਵਾਨ ਖ਼ੁਦ ਨੂੰ
ਕਿੰਨੇ ਕੁ ਸਾਲ ਰੱਖਦੈ
ਸੋਚਾਂ ਜ਼ਮੀਰ ਵੇਚਾਂ
ਕਰ ਲੀਰ ਲੀਰ ਵੇਚਾਂ
ਐਪਰ ਬੜੇ ਹੀ ਓਹਲੇ
ਸਾਡਾ ਦਲਾਲ ਰੱਖਦੈ