ਤੰਗ ਦਿਲੀ ਨੂੰ ਜਦੋਂ ਦਾ ਦੂਰ ਕੀਤਾ

ਤੰਗ ਦਿਲੀ ਨੂੰ ਜਦੋਂ ਦਾ ਦੂਰ ਕੀਤਾ,

ਜੇ ਮੈਂ ਖ਼ੁਸ਼ ਨਹੀਂ ਤੇ ਹੈਰਾਨ ਵੀ ਨਹੀਂ ।

ਮਾਲਾ ਫੇਰਨਾਂ, ਤਸਬੀਹ ਦਾ ਵਿਰਦ ਕਰਨਾਂ,

ਜੇ ਕੋਈ ਨਫ਼ਾ ਨਹੀਂ ਤੇ ਨੁਕਸਾਨ ਵੀ ਨਹੀਂ ।

ਮੰਨਾਂ ਮੂਰਤੀ, ਕਾਅਬੇ ਦੇ ਵੱਲ ਝੁਕਨਾਂ,

ਰਾਮ ਆਪਣਾ ਗ਼ੈਰ ਰਹਿਮਾਨ ਵੀ ਨਹੀਂ ।

ਜਦੋਂ ਖ਼ਿਆਲ ਆਉਂਦਾ ਉਹਦੀ ਬੰਦਗੀ ਦਾ,

ਰਹਿੰਦਾ ਨਹੀਂ ਹਿੰਦੂ, ਮੁਸਲਮਾਨ ਵੀ ਨਹੀਂ ।

ਉਹ ਖ਼ੁਦਾ ਮੇਰਾ, ਮੈਂ ਖ਼ੁਦਾਈ ਓਹਦੀ,

ਉਹਦੀ ਯਾਦ ਬਿਨ ਹੋਰ ਧਿਆਨ ਵੀ ਨਹੀਂ ।

'ਦਾਮਨ' ਪੀਵੇ ਸ਼ਰਾਬ ਤੇ ਕਰੇ ਸਜਦਾ,

ਰਾਜ਼ੀ ਰੱਬ ਤੇ ਗ਼ੁੱਸੇ ਸ਼ੈਤਾਨ ਵੀ ਨਹੀਂ ।

📝 ਸੋਧ ਲਈ ਭੇਜੋ