ਕੱਲ੍ਹ ਵੀ ਸੀ ਅੱਜ ਵੀ ਹਾਂ

ਮੈਂ ਤਨਹਾ ਇਸ ਜਹਾਨ ਅੰਦਰ ।

ਬੰਦ ਹਾਂ ਵਿੱਚ ਤਾਬੂਤ ਦੇ ਤੇ

ਦਫ਼ਨ ਹਾਂ ਕਬਰਿਸਤਾਨ ਅੰਦਰ ॥

ਮੇਰੇ ਆਪਣੇ ਹੀ ਮੈਨੂੰ ਲੈ ਆਏ

ਘਰੋਂ ਬਾਹਰ ਮੈਨੂੰ ਛੱਡ ਗਏ ।

ਛੱਡ ਗਏ ਇਸ ਸੁਨਸਾਨ ਥਾਂ ਤੇ

ਪੱਟ ਟੋਆ ਮੈਨੂੰ ਗੱਡ ਗਏ ॥

ਮੁੜ ਵਾਪਸ ਕਿੱਧਰੇ ਆ ਜਾਵਾਂ ਨਾ

ਇਸ ਕਰਕੇ ਮੈਨੂੰ ਦਫ਼ਨਾ ਗਏ ।

ਪੁੱਟ ਲਵਾਂ ਨਾ ਮਿੱਟੀ ਖ਼ੋਖਲੀ ਨੂੰ

ਕੰਬਖਤ ਕਬਰ ਵੀ ਪੱਕੀ ਬਣਾ ਗਏ ॥

ਮੇਰੇ ਆਪਣੇ ਤੇ ਕੁੱਛ ਆਸ ਪਾਸ ਵਾਲੇ

ਲੈ ਮੂਹਰੇ ਮੈਨੂੰ ਉਹ ਤੁਰੇ ਸੀ ।

ਇਕ ਵਾਰ ਤੁਰੇ ਤੇ ਨਾ ਰੁੱਕੇ ਕਿਤੇ

ਕਰ ਦਫ਼ਨ ਹੀ ਘਰ ਮੁੜੇ ਸੀ ॥

ਨਾ ਮੁੜ ਕਿਸੇ ਨੇ ਤੱਕਿਆ

ਜਿਹੜੇ ਲੈ ਮੈਨੂੰ ਇਥੇ ਆਏ ਸੀ ।

ਸਭ ਤੋੜ ਗਏ ਉਹ ਰਿਸਤੇ ਨਾਤੇ

ਜੋ ਵਿੱਚ ਜਹਾਨ ਬਣਾਏ ਸੀ ॥

ਤਾਂ ਜੋ ਤਨਹਾ ਨਾ ਰਹੇ ਕੋਈ

ਨਾ ਹੋਏ ਕੋਈ ਗਮ ਤਨਹਾਈ ਦਾ ।

ਪਰ ਇਹ ਰਿਸਤੇ ਸਭ ਨਾਂ ਦੇ ਸੀ

ਬਸ ਹਿਸਾਬ ਸੀ ਮੇਰੀ ਕਮਾਈ ਦਾ ॥

ਉਸ ਵੇਲੇ ਵੀ ਮੈਂ ਤਨਹਾ ਸੀ

ਜਦ ਕੋਲ ਸੀ ਮੇਰੇ ਆਪਣੇ ।

ਅੱਜ ਵੀ ਮੈਂ ਤਨਹਾ ਹਾਂ

ਜਦ ਕੋਈ ਨਹੀਂ ਮੇਰੇ ਆਪਣੇ ॥

ਮੈ ਕੱਲ੍ਹ ਵੀ ਸੀ ਅੱਜ ਵੀ ਹਾਂ

ਤਨਹਾ ਇਸ ਜਹਾਨ ਅੰਦਰ ।

ਕਿਸੇ ਨਾਲ ਕੋਈ ਸ਼ਿਕਵਾ ਨਹੀਂ

ਮੈਂ ਖੁਸ਼ ਹਾਂ ਕਬਰਿਸਤਾਨ ਅੰਦਰ ॥

ਕੋਈ ਦੌੜ ਕੋਈ ਚਿੰਤਾ ਗ਼ਮ ਨਹੀਂ

ਬੜਾ ਸਕੂਨ ਹੈ ਕਬਰਿਸਤਾਨ ਅੰਦਰ ।

ਭਾਵੇਂ ਹਨ੍ਹੇਰਾ ਹੈ ਵਿੱਚ ਕਬਰਾਂ ਦੇ

ਪਰ ਉਜਾਲਾ ਸੱਚ ਦਾ ਹੈ ਕਬਰਿਸਤਾਨ ਅੰਦਰ ॥

ਤਨਹਾਈ ਨਿਭਾਇਆ ਸਾਥ ਮੇਰਾ

ਮੈਂ ਜਿਉਂਦਾ ਸੀ ਜਾਂ ਮਰਿਆ ।

ਇਕ ਮਿੱਤਰ ਬਸ ਇਹੋ ਸੱਚਾ

ਜਿਹਨੇ ਦੁੱਖ ਮੇਰਾ ਪੜ੍ਹਿਆ ॥

📝 ਸੋਧ ਲਈ ਭੇਜੋ