ਅਗਨ ਅਗੰਤਰ ਅਗਨ ਅਗੰਤਰ
ਅਗਨੰਤਰ ਅਗਨੰਤਰ
ਨਮੇਂ ਬਸੰਤਰ ਨਮੋਂ ਬਸੰਤਰ
ਅਗਨੀ-ਨਿਰਤ ਨਿਰੰਤਰ
ਮਿੱਟੀ ਵਿਚ ਚੰਡੀ ਪਰਚੰਡੀ
ਸੁੱਤੀ ਜੁਗਾਂ-ਜੁਗੰਤਰ
ਇਕ ਦਿਨ ਜਾਗੀ ਨਾਲ ਹੀ ਜਾਗੇ
ਕੋਟ ਜਨਮ-ਜਨਮੰਤਰ
ਗੁੱਥਮ-ਗੁੱਥਾ ਕਲਾ-ਕਲੰਤਰ
ਲਖ ਬਣਤਰ ਲਖ ਭਣਤਰ
ਬਲਦੀ ਮਿੱਟੀ ਦੇ ਵਿਚ ਬਲਦੇ
ਮਸਤਕ ਵਿਚ ਖੜਿਅੰਤਰ
ਨਮੇਂ ਬਸੰਤਰ
ਨਮੇਂ ਬਸੰਤਰ
ਖੜਿਅੰਤਰ ਨੂੰ ਖੰਡਣਹਾਰੇ
ਜਾਗੋ ਜੈ ਬੈਸੰਤਰ
ਜਗਮਗ ਮੱਥੇ ਵਿਚ ਬਿਰਾਜੋ
ਖਲ-ਦਲ-ਨਾਸ਼ਕ ਤੰਤਰ
ਅੰਧਕਾਰ ਦਾ ਪਾਰ ਨਹੀਂ
ਹੋ ਚਿਣਗ-ਰੂਪ-ਰੂਪੰਤਰ
ਮਹਾ ਅੰਧ ਵਿਚ ਖੁੱਲ੍ਹੋ ਡੁਲ੍ਹੋ
ਅਤੀ, ਅਤੀ, ਅਤਿਅੰਤਰ