ਤੈਨੂੰ ਲੱਭਣ ਤੁਰਿਆ ਸਾਂ ਪਰ

ਤੈਨੂੰ ਲੱਭਣ ਤੁਰਿਆ ਸਾਂ ਪਰ ਆਪਣਾ ਆਪ ਗਵਾਇਆ ਮੈਂ ।

ਹੁਣ ਹਰ ਮੋੜ ਤੇ ਰੁਕ ਕੇ ਸੋਚਾਂ ਕੀ ਖੋਇਆ ਕੀ ਪਾਇਆ ਮੈਂ ।

ਇਸ ਜੱਗ ਨੇ ਦੁਖ ਦੇਣੋਂ ਮੈਨੂੰ ਕਦੇ ਵੀ ਘੱਟ ਨਾ ਕੀਤੀ ਏ,

ਇਹ ਮੇਰਾ ਜਿਗਰਾ ਏ ਇਹਨੂੰ ਫੇਰ ਵੀ ਸੀਨੇ ਲਾਇਆ ਮੈਂ ।

ਮੇਰੀਆਂ ਗ਼ਜ਼ਲਾਂ ਇਕ ਸ਼ੀਸ਼ਾ ਨੇ ਜਿਨ੍ਹਾਂ ਰਾਹੀਂ ਰਾਤ ਦਿਨੇ,

ਇਸ ਦੁਨੀਆ ਨੂੰ ਖੁੱਲ੍ਹ ਕੇ ਇਸ ਦਾ ਅਸਲੀ ਰੂਪ ਵਿਖਾਇਆ ਮੈਂ ।

ਅੰਦਰੋਂ ਹੋਰ ਤੇ ਬਾਹਰੋਂ ਹੋਰ ਦੀ ਖੇਡ ਰਚਾਈ ਜਾਂਦੀ ਏ,

ਏਸੇ ਲਈ ਆਪਣੇ ਹਰ ਐਬ ਨੂੰ ਮੱਥੇ ਨਾਲ ਸਜਾਇਆ ਮੈਂ ।

ਕਮਜ਼ੋਰਾਂ ਲਈ ਆਪਣਾ ਘਰ ਵੀ ਦੋਜ਼ਖ ਬਣਦਾ ਜਾਂਦਾ ਏ,

ਦੁਨੀਆਂ ਨੂੰ ਫ਼ਿਰਦੋਸ਼ ਬਣਾਉਣ ਦਾ ਵਾਅਦਾ ਖ਼ੂਬ ਨਿਭਾਇਆ ਮੈਂ ।

ਰੋਂਦੀ ਰਾਤ ਨੂੰ ਸੀਨੇ ਲਾ ਕੇ ਰੋਣ ਦੀ ਆਦਤ ਛੱਡਦਾ ਨਹੀਂ,

ਏਸ ਉਪੱਧਰੇ ਦਿਲ ਨੂੰ ਲੋਕੋ ਲੱਖ ਵਾਰੀ ਸਮਝਾਇਆ ਮੈਂ ।

ਭਾਵੇਂ ਧੁੱਪੇ ਸੜਨਾਂ 'ਕਾਸ਼ਰ' ਪਰ ਇਹ ਗੱਲ ਸੁੱਖ ਦਿੰਦੀ ਏ,

ਝੂਠ ਦੀ ਰੇਤਲ ਧਰਤੀ ਦੇ ਵਿਚ ਸੱਚ ਦਾ ਬੂਟਾ ਲਾਇਆ ਮੈਂ ।

📝 ਸੋਧ ਲਈ ਭੇਜੋ