ਤੈਨੂੰ ਪਾਵਾਂ ਹਾਕਮਾਂ ਹਾੜਾ, ਮੁੜ-ਮੁੜ ਨਾ ਕਰ ਉਜਾੜਾ
ਰੱਤ ਡੁੱਲਿਆ ਪਹਿਲਾਂ ਵੀ ਗਾੜਾ, ਫਿਰ ਕਰ ਨਾਂ ਟੋਟੇ ਵੰਗਾਂ ਦੇ॥
ਤੈਨੂੰ ਰੱਬ ਦਾ ਵਾਸਤਾ ਪਾਵਾਂ, ਪੁੱਤ ਨਾਂ ਮਰਵਾ ਵਿੱਚ ਜੰਗਾਂ ਦੇ॥
ਭਾਈਆਂ ਤੋਂ ਭਾਈ ਮਰਾਉਣੇ, ਧਰਮਾਂ ਦੇ ਰੋਲੇ ਪਾਉਣੇ
ਗੁਰੂਘਰ ਬੰਬਾਂ ਨਾਲ ਢਾਉਣੇ, ਇਹ ਕੰਮ ਨਈ ਹੁੰਦੇ ਭਰਾਵਾਂ ਦੇ॥
ਗੋਲੀ ਏਧਰ ਚੱਲੇ ਜਾਂ ਉਧਰ, ਪੁੱਤ ਮਰਨੇ ਦੋਹੀਂ ਥਾਂ ਮਾਵਾਂ ਦੇ॥
ਅਸਾਂ ਉਦੋਂ ਵੀ ਮੰਨਿਆ ਭਾਣਾ, ਜਦੋਂ ਖੋਇਆ ਸਾਡਾ ਨਨਕਾਣਾ
ਤੂੰ ਬਣਕੇ ਤੇ ਜਰਵਾਣਾ, ਪੇਚੇ ਲਾ ਨਾ ਖੂਨੀਂ ਪਤੰਗਾਂ ਦੇ॥
ਤੈਨੂੰ ਰੱਬ ਦਾ ਵਾਸਤਾ ਪਾਵਾਂ, ਪੁੱਤ ਨਾਂ ਮਰਵਾ ਵਿੱਚ ਜੰਗਾਂ ਦੇ॥
ਤੂੰ ਮਾਰ ਤਾਲੀ ਤੇ ਤਾਲੀ, ਸਾਨੂੰ ਵੰਡਿਆ ਵਿੱਚ ਸੰਤਾਲੀ
ਤੇਰਾ ਢਿੱਡ ਨਾ ਭਰਿਆ ਹਾਲੀ, ਰੁੱਖ ਵੱਢਕੇ ਸੰਘਣੀਆਂ ਛਾਵਾਂ ਦੇ॥
ਗੋਲੀ ਏਧਰ ਚੱਲੇ ਜਾਂ ਉਧਰ, ਪੁੱਤ ਮਰਨੇ ਦੋਹੀਂ ਥਾਂ ਮਾਵਾਂ ਦੇ॥
ਨਾ ਮਸਜਿਦ ਢਾਹ ਨਾ ਮੰਦਰ, ਹੈ ਵਾਹਿਗੁਰੂ ਸਭਦੇ ਅੰਦਰ
ਏਥੋਂ ਤੁਰਗੇ ਵੱਡੇ ਸਿਕੰਦਰ, ਕਹਿੰਨੇ ਭੇਦ ਪਾਏ ਉਹਦੇ ਰੰਗਾਂ ਦੇ॥
ਤੈਨੂੰ ਰੱਬ ਦਾ ਵਾਸਤਾ ਪਾਵਾਂ, ਪੁੱਤ ਨਾਂ ਮਰਵਾ ਵਿੱਚ ਜੰਗਾਂ ਦੇ॥
ਘਰ ਹੱਸਦੇ ਵੱਸਦੇ ਲੁੱਟ ਨਾ, ਕੂੰਜਾਂ ਤੇ ਜਾਲਮਾ ਟੁੱਟ ਨਾ
ਮਸਾਂ ਲੱਗੀਆਂ ਜੜ੍ਹਾਂ ਫੇ ਪੁੱਟ ਨਾ, ਨਾ ਦੋਸ਼ੀ ਬਣੋ ਸਾਡੇ ਚਾਵਾਂ ਦੇ॥
ਗੋਲੀ ਏਧਰ ਚੱਲੇ ਜਾਂ ਉਧਰ, ਪੁੱਤ ਮਰਨੇ ਦੋਹੀਂ ਥਾਂ ਮਾਵਾਂ ਦੇ॥
ਨਫਰਤ ਦੇ ਬੰਬ ਨਾ ਪੇਲੋ, ਸਾਨੂੰ ਅੱਗ ਦੇ ਵੱਲ ਨਾ ਠੇਲੋ
ਨਾ ਰਾਜਨੀਤੀਆਂ ਖੇਲੋ, ਕੰਮ ਕਰੋ ਜਾਲ਼ਮੋ ਢੰਗਾਂ ਦੇ॥
ਤੈਨੂੰ ਰੱਬ ਦਾ ਵਾਸਤਾ ਪਾਵਾਂ, ਪੁੱਤ ਨਾਂ ਮਰਵਾ ਵਿੱਚ ਜੰਗਾਂ ਦੇ॥
ਤੂੰ ਜਦੋਂ ਵੀ ਦਾਗੇ ਗੋਲੇ, ਅਸੀ ਹੋਏ ਕੱਖਾਂ ਤੋਂ ਹੋਲੇ
ਤੇਰੇ ਕੰਨ ਹੋ ਗਏ ਬੋਲੇ, ਤੈਨੂੰ ਸੁਣੇ ਨਾਂ ਵੈਣ ਦੁਨਾਵਾਂ ਦੇ॥
ਗੋਲੀ ਏਧਰ ਚੱਲੇ ਜਾਂ ਉਧਰ, ਪੁੱਤ ਮਰਨੇ ਦੋਹੀਂ ਥਾਂ ਮਾਵਾਂ ਦੇ॥
ਤੈਨੂੰ ਕਲ਼ਮ “ਸੱਤੇ” ਦੀ ਘੂਰੇ, ਪਾ ਬਰੂਦ ਨਾਂ ਤੋਪਾਂ ਮੂਹਰੇ
ਪੁੱਤ ਮਰਨੇ ਬੇ-ਕਸੂਰੇ, ਨਾ ਕਰੀਂ ਚੀਥੜੇ ਅੰਗਾਂ ਦੇ॥
ਤੈਨੂੰ ਰੱਬ ਦਾ ਵਾਸਤਾ ਪਾਵਾਂ, ਪੁੱਤ ਨਾਂ ਮਰਵਾ ਵਿੱਚ ਜੰਗਾਂ ਦੇ॥
ਦੱਸ ਭਰੂ ਕੋਣ ਹਰਜਾਨਾ, ਭੰਗ ਭਾੜੇ ਗਈਆਂ ਜੋ ਜਾਨਾਂ
ਸਦਾ ਰਾਜ ਰਹੇ ਨਾ ਸੁਲਤਾਨਾਂ, ਬਲ ਮੁੱਕਜੂ ਇੱਕ ਦਿਨ ਬਾਵਾਂ ਦੇ॥
ਗੋਲੀ ਏਧਰ ਚੱਲੇ ਜਾਂ ਉਧਰ, ਪੁੱਤ ਮਰਨੇ ਦੋਹੀਂ ਥਾਂ ਮਾਵਾਂ ਦੇ॥