ਤੈਨੂੰ ਪਾਵਾਂ ਵਾਸਤਾ ਰੱਬਦਾ ਉਏ!

ਪੋਟਿਆਂ ਨਾ ਮਿਣ ਮਿਣ ਪਾਲੇ ਜੋ,

ਤੂੰ ਪੋਟੇ ਪੋਟੇ ਕਰ ਛੱਡੇ!

ਜਿਹੜੇ ਨੈਣਾਂ ਦੇ ਵਿੱਚ ਮਸਤੀ ਸੀ,

ਉਹ ਹੰਝੂਆਂ ਦੇ ਨਾ ਭਰ ਛੱਡੇ!

ਨੂੰਹਾਂ ਤੋਂ ਮਾਸ ਵੱਖ ਕਰ ਦੇਣਾ

ਇਹ ਨਹੀ ਮੂਰਖਾ ਫੱਬਦਾ ਉਏ!

ਬੰਦ ਕਰਦੇ ਹਾਕਮਾਂ ਜੰਗ ਛੇੜੀ,

ਤੈਨੂੰ ਪਾਵਾਂ ਵਾਸਤਾ ਰੱਬਦਾ ਉਏ!

ਕੱਲ ਵੱਸਦਾ ਸੀ ਜੋ ਸੁੱਖਾਂ 'ਚ

ਅੱਜ ਪੈਣ ਧਮਾਕੇ ਬੰਬਾਂ ਦੇ!

ਉਹਨਾਂ ਨਾਲ ਟੈਕਾਂ ਦੇ ਝਾੜ ਦਿੱਤੇ

ਜੋ ਪਏ ਬੂਰ ਸੀ ਅੰਬਾਂ ਦੇ!

ਉਹ ਪਲਾਂ 'ਚ ਗਿੱਟਾ ਤੋੜ ਦਿੰਦਾ

ਏਥੇ ਹੈਂਕੜ ਵਾਲੇ ਪੱਬਦਾ ਉਏ!

ਬੰਦ ਕਰਦੇ ਹਾਕਮਾਂ ਜੰਗ ਛੇੜੀ,

ਤੈਨੂੰ ਪਾਵਾਂ ਵਾਸਤਾ ਰੱਬਦਾ ਉਏ!

ਤੈਨੂੰ ਤਰਸ ਰਤਾ ਵੀ ਆਵੇ ਨਾਂ

ਅੱਖ ਭਰ ਆਈ ਤੱਕ ਮੰਜ਼ਰ ਨੂੰ!

ਕਦੇ ਸੁੱਖਾਂ ਵੱਸਦੀ ਧਰਤੀ ਸੀ

ਅੱਜ ਕਰਤੀ ਖੰਜ਼ਰ ਬੰਜ਼ਰ ਤੂੰ!

ਇਹ ਬਾਲ ਨਿੱਕੇ ਜੋ ਵਿਲਕ ਰਹੇ

ਹੋਕਾ ਸੱਤਿਆ ਨਿਕਲੇ ਸਭਦਾ ਉਏ! 

ਬੰਦ ਕਰਦੇ ਹਾਕਮਾਂ ਜੰਗ ਛੇੜੀ,

ਤੈਨੂੰ ਪਾਵਾਂ ਵਾਸਤਾ ਰੱਬਦਾ ਉਏ!

📝 ਸੋਧ ਲਈ ਭੇਜੋ