ਤਪਦਾ ਸੂਰਜ, ਠੰਡਾ ਚੰਨ ਤੇ

ਤਪਦਾ ਸੂਰਜ, ਠੰਡਾ ਚੰਨ ਤੇ, ਤਾਰੇ ਵੱਸ ਚ ਕਰ ਲੈਂਦਾ ਹੈ ।

ਧਰਤੀ ਦਾ ਪੁੱਤ ਬਾਹਾਂ ਅੱਡ ਕੇ ਅੰਬਰ ਬਾਂਹੀ ਭਰ ਲੈਂਦਾ ਹੈ ।

ਚਰਚਾ ਵਿੱਚ ਦਲੀਲਾਂ ਦੇ ਕੇ, ਜਿਹੜਾ ਸਭ ਦੇ ਦਿਲ ਜਿੱਤ ਲੈਂਦੈ, 

ਐਪਰ ਮੇਰੀ ਬੁੱਕਲ ਦੇ ਵਿਚ ਆਪਣਾ ਆਪਾ ਹਰ ਲੈਂਦਾ ਹੈ ।

ਨਾਜ਼ੁਕ ਕਲੀਆਂ ਵਰਗਾ ਜੁੱਸਾ, ਬਿਰਖਾਂ ਵਰਗਾ ਸਿਦਕ ਉਹ ਦਾ,

ਤੱਤੀਆਂ ਲੂਆਂ, ਠਰੀਆਂ ਪੌਣਾਂ, ਪਿੰਡੇ ਉੱਤੇ ਜਰ ਲੈਂਦਾ ਹੈ ।

ਫੁੱਲ ਜਿਹਾ ਅਹਿਸਾਸ ਜਿਵੇਂ ਕੋਈ, ਉਹਦੀ ਹਿੱਕ ਚ ਪਲਦਾ ਏ, 

ਫੁੱਲਾਂ ਉੱਤੋਂ ਗਿਰਦੀ ਸ਼ਬਨਮ, ਥੱਲੇ ਤਲੀਆਂ ਕਰ ਲੈਂਦਾ ਹੈ ।

ਪਹਿਲੀ ਵਾਰੀ ਮਿਲਿਆਂ ਨੂੰ ਵੀ,ਇਉਂ ਮਿਲਦੈ ਜਿਉਂ ਜਾਣੂ ਚਿਰ ਦਾ,

ਪਹਿਲੀ ਤੱਕਣੀ ਵਿੱਚ ਪ੍ਦੇਸੀ,ਦਿਲ ਅੰਦਰ ਘਰ ਕਰ ਲੈਂਦਾ ਹੈ ।

ਤੂੰ ਪੱਥਰ ਦੀ ਲਹਿਰਾਂ ਦੇ ਨਾਲ,ਪਾਕਿ ਮੁਹੱਬਤ ਸਮਝੀ ਕਿਉਂ ਨਹੀਂ, 

ਮੋਹ ਵਿਚ ਆ ਕੇ ਚੁੰਮਦੀਆਂ ਲਈ, ਥੋੜਾ ਥੋੜਾ ਖਰ ਲੈਂਦਾ ਹੈ ।

ਜਿਹੜਾ ਸ਼ਾਇਰ ਜੀਵਨ ਜੀਣ ਦੀ, ਜਾਚ ਸਿਖਾਏ ਹੋਰਾਂ ਨੂੰ, ਉਹ

ਤੂੰ ਕੀ ਜਾਣੇ, ਆਪ 'ਅਮਨ' ਹੁਣ ਥੋੜਾ ਥੋੜਾ ਮਰ‌ ਲੈਂਦਾ ਹੈ ।

📝 ਸੋਧ ਲਈ ਭੇਜੋ