ਬਿਨ ਜਾਗ ਨਾ ਦਹੀਂ ਹੁੰਦੇ 

ਜਿਹੋ ਜਿਹੇ ਦਿਸਣੇ ਆਂ, 

ਅਸੀਂ ਉਹੋ ਜਿਹੇ ਨਹੀਂ ਹੁੰਦੇ

***

ਗੱਲ ਗੱਲਾਂ ਵਿਚੋਂ ਚੁਣਿਆ ਕਰ 

ਵੱਧ ਵੱਧ ਬੋਲਣਾ ਏਂ 

ਕਦੇ ਚੁੱਪ ਨੂੰ ਵੀ ਸੁਣਿਆ ਕਰ

***

ਵੰਝਲੀ ਦੇ ਸੁਰ ਛਿੜਦੇ 

ਇੱਕ ਤੇਰੇ ਹੱਸਿਆਂ ਚੰਨਾ 

ਬੇਮੌਸਮੇ ਫੁੱਲ ਖਿੜਦੇ

***

ਗੱਲ ਮੁੱਕਦੀ ਮੁਕਾ ਛੋੜੀ

ਜ਼ਿੰਦਗੀ ਦੇ ਰੌਲ਼ਿਆਂ ਵਿੱਚ 

ਅਸਾਂ ਮੌਤ ਗੁਆ ਛੋੜੀ

***

ਸਾਰੀ ਉਮਰਾਂ ਦੀ ਟੌਹਰ ਹੋਵੇ 

ਅਗਲੇ ਜਹਾਨ ਜਾਈਏ 

ਸ਼ਾਲਾ!ਉਥੇ ਵੀ ਲਹੌਰ ਹੋਵੇ

***

ਬੰਦ ਇਸ਼ਕੇ ਦੀ ਤਾਕੀ ਏ 

ਲਹੌਰ 'ਚ ਰਹਿਨੇ ਆਂ 

ਅਜੇ ਜੰਮਣਾ ਬਾਕੀ

***

ਕੋਈ ਘੁੱਟ ਕੇ ਦਿਲ ਫੜਿਆ 

ਇਸ਼ਕੇ ਦੇ ਬੋਛਨ ’ਤੇ 

ਬੇ ਰੰਗੀਆਂ ਦਾ ਰੰਗ ਚੜ੍ਹਿਆ

***

ਇਸ਼ਕੇ ਦੀਆਂ ਵੰਡੀਆਂ ਨੀ 

ਵਾਏ ਤੈਨੂੰ ਚੁੰਮ ਚੁੰਮ ਕੇ 

ਪਈਆਂ ਬੁੱਲ੍ਹਾਂ ਉੱਤੇ ਚੰਡੀਆਂ ਨੀ

***

ਕੋਈ ਸ਼ੌਕ ਸਵਾਦਾਂ ਦਾ 

ਇਸ਼ਕੇ ਦੀ ਪੀਂਘ ਚੜ੍ਹੀ 

ਰੰਗ ਉਡ ਗਿਆ ਸਾਧਾਂ ਦਾ

***

ਕੋਈ ਸਾਂਦਲ ਬਾਰ ਹੋਈ 

ਜੰਮਦਿਆਂ ਸਾਰ ਸਈਓ 

ਸਾਨੂੰ ਇਸ਼ਕੇ ਦੀ ਮਾਰ ਹੋਈ

***

ਉਂਝ ਰੱਬ ਦੀਆਂ ਰੱਬ ਜਾਣੇ 

ਜਿੰਦ ਉਹਦੇ ਨਾਂ ਲਾਵਾਂ 

ਜਿਹੜਾ ਰੱਬ ਦਾ ਸਬੱਬ ਜਾਣੇ

📝 ਸੋਧ ਲਈ ਭੇਜੋ