ਤੱਕਿਆ ਮੈਂ ਤਾਰਿਆਂ ਦਾ ਉੱਚ ਦਰਵਾਜ਼ਾ,
ਲੰਘ ਲੰਘ ਸਮਿਆਂ ਦੇ ਕੋਹ।
ਕਲ੍ਹ ਮੈਨੂੰ ਪੈੜਾਂ ਜੋ ਧਰਤੀ 'ਤੇ ਦਿਸੀਆਂ,
ਉਹਨਾਂ ਦੀ ਅੱਜ ਏਥੇ ਲੋਅ।
ਉੱਚੇ ਦਰਵਾਜ਼ੇ ਦੀ ਸਿਖਰਾਂ 'ਤੇ ਲੱਸਦੀ,
ਚੁੱਕ ਕੁੱਲ ਗਗਨਾਂ ਦਾ ਮੋਹ।
ਧਰਤੀ ਦੇ ਸੈਆਂ ਮਜ਼ਾਰਾਂ 'ਤੇ ਡਿਗਦੀ,
ਬੂੰਦ ਕੋਈ ਅੱਲਾ ਦੀ ਜੋ।
ਉੱਚੇ ਦਰਵਾਜ਼ੇ ਦੇ ਤਾਜਾਂ ਨੂੰ ਚੁੰਮਦੀ,
ਕਿਹੜੇ ਦੇਸੋਂ ਆਈ ਖ਼ੁਸ਼ਬੋ ?
ਦਿਲ ਦਰਿਆਵਾਂ ਦੇ ਰਾਹ ਪਈ ਜਾਣੇ
ਧੂੜ ਚੜ੍ਹੀ ਊਠਾਂ ਦੀ ਕੋ।
ਕਦੇ ਕਦੇ ਤਾਰਿਆਂ ਦੇ ਤਾਜਾਂ 'ਤੇ ਡਿਗਦੀ,
ਨਬੀਆਂ ਦੀ 'ਵਾਜ ਕੋਈ ਹੋ।
ਲਸ ਲਸ ਬੂਹੇ 'ਤੇ ਪਾਣੀ ਕਿਨ੍ਹਾਂ ਪੀਤੇ,
ਧੂੜ ਗੁਨਾਹਾਂ ਦੀ ਨੂੰ ਧੋ ?
ਮੰਗੂਆਂ ਦੇ ਦਰਦ ਨੂੰ ਕਿੱਥੇ ਆ ਕੇ ਪੁੱਛਿਆ
ਮੁੱਸ ਮੁੱਸ ਵੰਝਲੀ ਨੇ ਰੋ।
ਝੰਗ ਸਿਆਲਾਂ ਦੀ ਮੈਂ ਖ਼ੈਰ ਮਨਾਂਦੀਆਂ
ਨਬੀਆਂ ਦੇ ਸਾਮ੍ਹਣੇ ਖਲੋ।
ਧਰਤੀ ਗ਼ਰੀਬ ਦੇ ਨੇ ਪੈਂਡੇ ਪੁਰਾਣੇ
ਨਭ ਦੀ ਨਵੇਲੀ ਕੰਨਸੋਅ।
ਸਈਓ ਨੀ ਮਹਿਰਮ ਉਠ ਉਠ ਜਾਂਦੇ
ਕਦੋਂ ਫਿਰ ਕਰਨਗੇ ਲੋਅ।
ਉੱਚੇ ਦਰਵਾਜ਼ੇ ਦੀ ਕੰਧੀ 'ਤੇ ਝਨਾਂ ਨੂੰ
ਕਦੇ ਕਦੇ ਪੈਂਦੀ ਏ ਖੋਹ ।
ਤੱਕਿਆ ਮੈਂ ਤਾਰਿਆਂ ਦਾ ਉੱਚ ਦਰਵਾਜ਼ਾ,
ਲੰਘ ਲੰਘ ਸਮਿਆਂ ਦੇ ਕੋਹ।