ਛਿਪਿਆ ਸੂਰਜ ਥਲਾਂ 'ਤੇ,
ਕੁਝ ਕਿਰਨਾਂ ਰਹੀਆਂ।
ਰੰਗ ਥਲਾਂ ਦੇ ਹੂਰ ਗਲ
ਜਿਉਂ ਪਾਵਣ ਸਈਆਂ
ਤਾਰਿਆਂ ਦੇ ਵਿਚ ਉੱਡਦੀ
ਜਦ ਕੂੰਜ ਦੇ ਵਾਂਗੂੰ,
ਨਜ਼ਰਾਂ ਲੰਮੇ ਕਾਲ ਦੀਆਂ
ਉਸ ਪਰੀ 'ਤੇ ਲਹੀਆਂ
ਥਲ ਦੀ ਨਾਰ ਦੀ ਪੀਲੂਆਂ
ਵਿਚ ਕੰਬਦੀ ਬਾਣੀ,
ਲਟਕਾਵੀਂ ਚਾਲ ਝਨਾਂ ਦੀ
ਤੋਂ ਰਮਜ਼ਾਂ ਲਈਆਂ।
ਫਿਰ ਉਹ ਬੋਲੀ ਹੁਸਨ ਦੇ
ਭਰ ਕੰਠ 'ਚ ਪੈਂਡੇ,
“ਤੱਕ ਵੀਰਾ ਵਲ ਬੇਲਿਆਂ
ਕੁਝ ਰਮਜ਼ਾਂ ਜਹੀਆਂ।
“ਬਿਨਾਂ ਮਲਾਹ ਦੀ ਹੇਕ ਦੇ
ਜੋ ਨਦੀ ਨ ਵੱਗੇ,
ਚਿਰ ਤੋਂ ਉਸਦੇ ਕੰਢੜੇ
ਮੈਂ ਭਾਲਦੀ ਪਈਆਂ।
“ਉੱਚ ਦਰਵਾਜ਼ਾ ਤਾਰਿਆਂ
ਦਾ ਕਾਲ ਚ ਚ ਕੰਬੇ,
ਦੂਰ ਝਨਾਂ ਦੇ ਵਹਿਣ ਵੱਲ
ਮੈਂ ਵੇਖਦੀ ਗਈਆਂ।
“ਜੁਲ ਪੈ ਲੰਮੇ ਪੰਧ 'ਤੇ
ਮੈਂ ਆਖਾਂ ਵੀਰਾ,
ਦੂਰ ਝਨਾਂ ਦੀ ਰਾਤ ਵਿਚ
ਕੁਝ ਗਾਵਣ ਸਈਆਂ।”