ਤਾਰਿਆਂ ਨੂੰ ਫੜ ਰਿਹਾ ਇਨਸਾਨ ਅੱਜ
ਸਹਿਮਿਆ ਭਜਦਾ ਫਿਰੇ ਅਸਮਾਨ ਅੱਜ
ਅਣਗਿਣਤ ਅਰਮਾਨ ਅੰਦਰ ਦਫ਼ਨ ਕਰ
ਬਣ ਗਿਆ ਇਨਸਾਨ ਕਬਰਿਸਤਾਨ ਅੱਜ
ਕੱਲ ਤਲਕ ਰਹਿੰਦੇ ਸੀ ਜੋ ਦਿਲ ਵਿਚ ਮਿਰੇ
ਆ ਗਏ ਜੇਬਾਂ ' ਚ ਉਹ ਅਰਮਾਨ ਅੱਜ
ਝੱਲ ਨਹੀਂ ਸਕਦਾ ਜੋ ਸਾਹਵਾਂ ਦੀ ਹਵਾ
ਭਰ ਕੇ ਸਾਹਵਾਂ ਵਿਚ ਫਿਰੇ ਤੂਫ਼ਾਨ ਅੱਜ
ਕੈਦ ਕਰ ਸ਼ੋ - ਕੇਸ ਵਿਚ ਖ਼ੁਦ ਨੂੰ ਮਨੁੱਖ
ਬਣ ਗਿਆ ਇਕ ਮੂਰਤੀ ਬੇਜਾਨ ਅੱਜ
ਮਾਸ ਤੋਂ ਵਖਰਾ ਨਹੂੰ ਨੂੰ ਕਰ ਦਿਓ
ਹੋ ਗਿਆ ਜਾਰੀ ਇਹ ਕੀ ਫਰਮਾਨ ਅੱਜ
ਲਾਹ ਕੇ ਵਸਤਰ ਮਨ ਤੋਂ , ਪਾ ਕੇ ਜਿਸਮ ਤੇ
ਕੀ ‘ ਸੁਰਿੰਦਰ ਬਣਗਿਆ ਇਨਸਾਨ ਅੱਜ ?