ਤੱਤੀ ਤਵੀ, ਤੱਤੀ ਦੇਗ਼, ਤੱਤੀ ਧੁੱਪ

ਤੱਤੀ ਤਵੀ, ਤੱਤੀ ਦੇਗ਼, ਤੱਤੀ ਧੁੱਪ

ਤੱਤੀ ਰੇਤ, ਤੱਤੀਓ ਸੀ ਵਗਦੀ ਹਵਾ,

ਦੁਨੀਆਂ ਦਾ ਸੇਕ ਸਾਰਾ ਤੱਤੀਏ ਨੀ,

ਇੱਕੋ ਦੇ ਨਾਂ ਲਿਖ ਧਰਿਆ

ਪੈਰਾਂ 'ਚ ਬਹਾਰਾਂ ਜੀਹਦੇ ਫੁੱਲ ਸੀ ਵਿਛਾਂਦੀਆਂ,

ਮਹਿਕਾਂ ਜੀਹਦੇ ਗੀਤਾਂ 'ਚੋਂ ਨਹਾ ਕੇ ਹੈਸੀ ਜਾਂਦੀਆਂ

ਪਿੰਡੇ ਦਿਆਂ ਛਾਲਿਆਂ 'ਚ ਬੁੱਕ ਬੁੱਕ ਪਾਣੀ,

ਤੇਰੀ ਅਜੇ ਠੰਢੀ ਹੋਈ ਨਾ ਨਿਗ੍ਹਾ,

ਦੁਨੀਆਂ ਦਾ ਸੇਕ................

ਹੋਇਆ ਕੀ ਜੇ ਕੋਈ ਉਹ ਤੋਂ ਬਾਗ਼ੀ ਰੋਟੀ ਖਾ ਗਿਆ,

ਕੱਚ ਦੇ ਤਖ਼ਤ ਵਿਚ ਤੇੜ ਤਾਂ ਨੀ ਪਾ ਗਿਆ

ਭਾਰੀ ਇਨਸਾਫ਼ਣੇ ਨੀ ਭੁੱਖਿਆਂ ਨੂੰ ਰੋਟੀ ਦੇਣਾ,

ਦੱਸ ਕਿਹੜੀ ਧਾਰਾ ਦਾ ਗੁਨਾਹ,

ਦੁਨੀਆਂ ਦਾ ਸੇਕ ................

ਤੇਰਾ ਸੀ ਪਵੇਹੇ ਵਿਚ ਧੁੰਮਿਆਂ ਹੰਕਾਰ ਨੀ,

ਝੱਲ ਵੀ ਨਾ ਸਕੀ ਸਚੀ ਗੱਲ ਦਾ ਵੀ ਭਾਰ ਨੀ

ਨੂਰ ਜਹਾਂ ਰੁਲੂ ਤੇਰੀ ਸੱਥਾਂ ਵਿਚ ਏਦਾਂ,

ਜਿਵੇਂ ਰੁਲੇ ਸਾਡੀ ਮੰਡੀਏਂ ਕਪਾਹ,

ਦੁਨੀਆਂ ਦਾ ਸੇਕ ................

ਨੂਰ ਜਹਾਂ ਉੱਤੇ ਕਿਸੇ ਕਾਮੇ ਨਾ ਪਸੀਜਣਾ,

ਤੱਤੇ ਪਾਣੀ ਵਿਚ ਉਹਨੂੰ ਝੋਨਾ ਪਊ ਬੀਜਣਾ

ਪਿੱਠ ਪਿੱਛੇ ਬੰਨ੍ਹਿਆਂ ਖ਼ੁਰਮ ਭੁੱਖਾ ਰੋਵੇ,

ਉਹਨੂੰ ਦੁੱਧ ਵੀ ਉਹ ਸਕੂ ਨਾ ਚੁੰਘਾਅ

ਦੁਨੀਆਂ ਦਾ ਸੇਕ ਸਾਰਾ ਤੱਤੀਏ ਨੀ,

ਇੱਕੋ ਦੇ ਨਾਂ ਲਿਖ ਧਰਿਆ

📝 ਸੋਧ ਲਈ ਭੇਜੋ