ਉਹ ਦੀਨ ਦੁਨੀ ਦੇ ਸ਼ਹਿਨਸ਼ਾਹ, ਇਕ ਅਰਜ਼ ਅਸਾਡੀ
ਹੋਏ ਜੇ ਅਰਸ਼ਾਂ ਵਾਲੜੇ, ਜ਼ਰਾ ਨਜ਼ਰ ਤੁਸਾਡੀ
ਭਰ ਅੱਥਰੂ ਤੈਂ ਵਲ ਵੇਖਦੀ, ਕੋਈ ਧਰਤ ਦੁਰਾਡੀ
ਮਾਰੀ ਉੱਡਦੀ ਕੂੰਜ ਨੇ, ਧਾਹ ਅੰਬਰ ਡਾਢੀ ॥੧॥
ਤੱਤੀ ਤਵੀ ਤੇ ਬੈਠਿਆ, ਇਹ ਅਰਜ਼ ਹੈ ਮੇਰੀ
ਰਾਵੀ ਦੇ ਵੱਲ ਵੇਖ ਕੇ, ਤੂੰ ਜਾਂਦੀ ਵੇਰੀ
ਜੋ ਅੱਥਰੂ ਅਸਾਂ ਨੂੰ ਬਖ਼ਸ਼ਿਆ, ਵਿਚ ਰਮਜ਼ ਡੂੰਘੇਰੀ
ਉਸ ਅੱਥਰੂ ਨੂੰ ਪਈ ਵਿਲਕਦੀ, ਉਹ ਧਰਤੀ ਤੇਰੀ ॥੨॥
ਤੱਤੀ ਤਵੀ ਤੇ ਗਾਂਦਿਆ, ਇਹ ਅਰਜ਼ ਹਮਾਰੀ
ਹੱਸ ਖ਼ੂਨੀ ਸ਼ਾਹ ਨੂੰ ਤੱਕਿਆ, ਜਦ ਜਾਂਦੀ ਵਾਰੀ
ਮੀਆਂ ਮੀਰ ਦੇ ਵੇਂਹਦਿਆਂ, ਹੱਥ ਬੰਨ੍ਹਦੇ ਸਾਰੀ
ਤੂੰ ਬਖ਼ਸ਼ੀ ਦੁਖੀ ਮੁਰੀਦ ਨੂੰ, ਵੱਥ ਬਹੁਤ ਪਿਆਰੀ :
ਸਬਰ ਸ਼ਹੀਦਾਂ ਡੋਬ ਕੇ, ਇਕ ਤੇਗ ਦੁਧਾਰੀ-
ਉਸ ਤੇਗ ਨੂੰ ਚੁੰਮ੍ਹਨ ਵਾਸਤੇ, ਅਸਾਂ ਅਰਜ਼ ਗੁਜ਼ਾਰੀ ॥੩॥
ਤੱਤੀ ਤਵੀ ਤੇ ਬੈਠਿਆ, ਸੁਣ ਅਰਜ਼ ਨਿਮਾਣੀ
ਦੇ ਵਾਜਾਂ ਵਗੇ ਨੇ ਰਾਵੀਉਂ, ਮੇਰੀ ਅਰਜ਼ ਦੇ ਪਾਣੀ
ਤਿਰੀ ਰਾਵੀ ਵਿੱਚੋਂ ਵਗੇ ਨੇ, ਲਖ ਸਾਗਰ ਜਾਣੀ
ਤੇਰੇ ਛਾਲੇ ਚੁੰਮ੍ਹ ਬਉਰਾਣੜੇ, ਮੇਰੇ ਦਰਦ ਦੇ ਪਾਣੀ ॥੪॥
ਤੱਕ ਮਸਕੀਨੜੇ ਅੱਥਰੂ, ਕਰ ਨਜ਼ਰ ਪਿਆਰੀ
ਜਦ ਰਮਜ਼ ਇਲਾਹੀ ਨਾਲ ਚੁੱਕ, ਇਕ ਸਾਗਰ ਭਾਰੀ
ਕੀਤਾ ਨਜ਼ਰ ਅਸਾਡੜੀ, ਤੂੰ ਜਾਂਦੀ ਵਾਰੀ
ਤਾਂ ਚੌਦਾਂ ਤਬਕਾਂ ਅੰਦਰਾਂ, ਸੱਦ ਸਿਦਕ ਨੇ ਮਾਰੀ,
ਖੈਰ ਲਈ ਅੱਡੇ ਹੱਥ ਸੀ, ਜੋ ਨਾਲ ਲਾਚਾਰੀ
ਉਹ ਬਿਜਲੀ ਬਿਜਲੀ ਹੋ ਗਏ, ਪੀ ਸਬਰ ਜੁਝਾਰੀ
ਹੱਥ ਉਹ ਚੁੰਮ੍ਹਨ ਵਾਸਤੇ, ਅਸਾਂ ਅਰਜ਼ ਗੁਜ਼ਾਰੀ ॥੫॥