ਤੌਰ-ਤਰੀਕੇ ਦੁਨੀਆ ਵਾਲੇ

ਤੌਰ-ਤਰੀਕੇ ਦੁਨੀਆ ਵਾਲੇ ਸਭ ਬੇਢੰਗੇ ਲਗਦੇ ਨੇ ।

ਸੱਚੇ ਬੰਦੇ ਹਰ ਥਾਂ ਰੱਬਾ ਸੂਲੀ ਟੰਗੇ ਲਗਦੇ ਨੇ ।

ਐਨਾ ਵੀ ਵਾਵੇਲਾ ਨਾ ਕਰ ਤੂੰ ਆਪਣੀ ਬੇਦੋਸ਼ੀ ਦਾ,

ਮਾਸੂਮਾਂ ਦੀ ਰੱਤ ਵਿੱਚ ਤੇਰੇ ਹੱਥ ਵੀ ਰੰਗੇ ਲਗਦੇ ਨੇ ।

ਉੱਚੇ ਪਰਬਤ ਵਗਦੇ ਦਰਿਆ, ਹਰਿਆਲੀ ਮੈਦਾਨਾਂ ਦੀ,

ਆਪਣੇ ਦੇਸ ਦੇ ਸਾਰੇ ਮਨਜ਼ਰ ਦਿਲ ਨੂੰ ਚੰਗੇ ਲਗਦੇ ਨੇ ।

ਇੰਜ ਚੁੰਮਦੇ ਨੇ ਸਾਰੇ ਆਸ਼ਿਕ ਹਸ ਕੇ ਦਾਰ ਸਲੀਬਾਂ ਨੂੰ,

ਨਿੱਕੀ ਉਮਰੇ ਖੇਡਦੇ ਜੀਵੇਂ ਟਹਿਣ-ਪਟੰਗੇ ਲਗਦੇ ਨੇ ।

ਸੋਹਣੀ ਧਰਤੀ ਦਾ ਹਰ ਜ਼ੱਰਾ ਸੂਹਾ-ਸੂਹਾ ਲਗਦਾ ਏ,

ਇਨਸਾਨਾਂ ਦੀ ਜੂਹ ਦੇ ਵਿੱਚੋਂ ਵਹਿਸ਼ੀ ਲੰਘੇ ਲਗਦੇ ਨੇ ।

ਇੱਕ ਤੇ ਅਜ਼ਲਾਂ ਤੋਂ ਸੀ ਵੈਰੀ ਸਾਡੇ ਪਿਆਰ ਮੁਹੱਬਤ ਦਾ,

ਗੂੜ੍ਹੀਆਂ ਸਾਂਝਾਂ ਦੇਖ ਕੇ ਜੱਗ ਨੂੰ ਹੋਰ ਪਤੰਗੇ ਲਗਦੇ ਨੇ ।

ਗ਼ੈਰਾਂ ਦਾ ਕੀ ਸ਼ਿਕਵਾ ਕਰਦੇ ਹਰ ਸ਼ੈ ਖੋਹ ਲਈ ਮਿਤਰਾਂ ਨੇ,

'ਆਹੂ' ਵਰਗੇ ਮੁਖ਼ਲਿਸ ਵੀ ਯਾਰੀ ਦੇ ਡੰਗੇ ਲਗਦੇ ਨੇ ।

📝 ਸੋਧ ਲਈ ਭੇਜੋ