ਤੇ-ਤੇਰੇ ਸਾਹਮਣਿਆਂ ਹੋਈ ਦੇਖੇ

ਤੇ-ਤੇਰੇ ਸਾਹਮਣਿਆਂ ਹੋਈ ਦੇਖੇ,

ਨਾਹੀਂ ਤਾਂ ਕਿਆ ਤਕਾਬਲ ਆਰਸੀ ਨੂੰ ।

ਉਸ ਗਾਲ ਸਫਾ ਤੇ ਜ਼ੁਲਫ਼ ਸਿਆਹ ਨੂੰ,

ਗੁਲਸ਼ਨ ਸੁੰਬਲ ਆਰਸੀ ਨੂੰ ।

ਤੈਂਡੇ ਅਕਸ ਦਾ ਅਕਸ ਪਵੇ ਦਿਲ,

ਗਾਲ ਤੇ ਦੂਰ ਤਸਲਸਲ ਆਰਸੀ ਨੂੰ ।

ਜਿੰਨਾ ਖੇਡ ਪਇਓਂ ਗਲ ਵਲਵਲ,

ਆਵੇ ਮੇਲਣ ਦਿਲ ਕਲ ਆਰਸੀ ਨੂੰ ।

ਵੇਖ ਰਹੀ ਇੱਕ ਪਲਕ ਨਾ ਝਮਕੀ,

ਹੋਸ਼ ਗਇਆ ਫੁੱਲ(ਭੁੱਲ) ਆਰਸੀ ਨੂੰ ।

ਜੇ ਸ਼ੌਕ ਤੈਂਡੇ ਤੋ ਰੋਂਦਿਆਂ ਰੋਂਦਿਆਂ,

ਅੱਖੀਂ ਭੀ ਭੁੱਲ ਆਰਸੀ ਨੂੰ ।

ਪਰ ਫੇਰ ਕਰੇਸੇਂ ਨੈਣ ਸਿਆਹ ਤੈਂਡਾ,

ਕੱਜਲ ਘੁਲ ਘੁਲ ਆਰਸੀ ਨੂੰ ।

ਜੇ ਹੈਦਰ ਯਾਰ ਦਾ ਅਕਸ ਪਵੇ,

ਕਰੇ ਆਲ੍ਹਣਾ ਬੁਲਬੁਲ ਆਰਸੀ ਨੂੰ ।੩।

📝 ਸੋਧ ਲਈ ਭੇਜੋ