ਤੇਰੀ ਤੀਜੀ ਅੱਖ ਵਿੱਚ ਕੈਦ ਪਿਆ,

ਜੋ ਖਜਾਨਾ ਦੱਸੀ ਦਾ।

ਵੇਖ-ਵੇਖ ਕੇ ਲੀਲਾ ਕੁਦਰਤ ਦੀ,

ਨਾਲੇ ਰੋਈ ਜਾ ਨਾਲੇ ਹੱਸੀ ਜਾ।

ਪੱਥਰ ਨੂੰ ਚੱਟ ਕੇ ਮੁੜਦੀ ਏ,

ਕਦੇ ਮਨ ਨਹੀਂ ਟਿਕਦਾ ਮੱਛੀ ਦਾ।

ਸੌ ਵਾਰੀ ਭਾਵੇ ਜਲ ਜਾਵੇ,

ਕਦੇ ਵਟ ਨਹੀਂ ਜਾਦਾਂ ਰੱਸੀ ਦਾ।

ਚਾਦਰ ਦੇਖ ਕੇ ਸਦਾ ਪੈਰ ਪਸਾਰੀ ਤੂੰ,

ਔਕਾਤ ਤੋਂ ਵੱਧਕੇ ਕਰਜ਼ਾ ਨਹੀਓ ਚੱਕੀਦਾ।

ਚੰਗੇ ਕਰਮ ਕਮਾਈ ਬਹੁਤਾ ਸੋਚੀ ਨਾ,

ਜਖ਼ਮ 'ਤੇ ਬਹਿਣਾ, ਹੀ ਹੁੰਦਾ ਕੰਮ ਮੱਖੀ ਦਾ।

ਮਰਨਾ ਸੱਚ, ਜਿਊਣਾ ਝੂਠ, ਮੈਂ ਸੁਣਿਆ ਲੋਕਾ ਤੋਂ,

ਹਊਮੇ,ਬਦੀਆ,ਸੰਗ ਰਲ,ਨਹੀਂ ਬਹੁਤਾ ਟੱਪੀ ਦਾ।

ਉੱਚੀਆ ਬਹੁਤ ਪੜ੍ਹਾਈਆ,ਦੁਨੀਆ ਬਹੁਤ ਪਰੇ,

ਪਰ ਭੁੱਲਦਾ ਨਹੀਓ ਆੜੀ ਪਹਿਲੀ ਕੱਚੀ ਦਾ।

ਦਾਨ ਕਰਨ ਜੋ ਹੱਥ ਵੀ ਸੋਹਣੇ ਲੱਗਦੇ ਨੇ,

ਕਰਕੇ ਦਾਨ ਲੋਕਾ ਨੂੰ ਨਹੀਂ ਦੱਸੀਦਾ।

ਵੇਦ, ਗ੍ਰੰਥ ਸਭ ਗੁਰੂ ਦੀ ਮਹਿਮਾ ਦੱਸਦੇ ਨੇ,

ਗੁਰੂ ਕੱਟਦੂ ਤੇਰਾ ਗੇੜ, ਚਾਰ 'ਤੇ ਅੱਸੀ ਦਾ।

ਨਿਰੀਆਂ ਨਹੀਂ ਲਕੀਰਾ ਹੁੰਦੀ ਮਿਹਨਤ ਵੀ,

ਬਹੁਤਾ ਪਾਧਿਆ ਅੱਗੇ ਹੱਥ ਨਹੀਂ ਰੱਖੀਦਾ।

ਪਿੱਠ ਪਿੱਛੇ ਖੰਜਰ ਵੀ ਨੇ ਲੋਕੀ ਮਾਰ ਜਾਂਦੇ,

ਬਹੁਤਾ ਮਾਣ ਕਰੀ ਨਾ ਪਾਈ ਜੱਫੀ ਦਾ।

ਕੀ ਚਰਖੇ ਨੇ ਕੱਤਣਾ ਮਾਲ੍ਹਾਂ ਬਾਲ੍ਹੀਆ ਖਾਵੇ ਜੋ,

ਉਸ ਚਰਖੇ 'ਤੇ ਬਹੁਤਾ ਨਹੀਓ ਕੱਤੀ ਦਾ।

ਸੱਥਰ ਵਿਛਿਆ, ਸੋਚ ਸਮਝ ਕੇ ਬੋਲੀ ਤੂੰ,

ਖਿੜ-ਖਿੜ ਕਰਕੇ ਉੱਥੇ ਨਹੀਂਓ ਹੱਸੀ ਦਾ।

ਰਾਗਾ ਵਿੱਚੋ ਨਿਕਲਦੀਆ ਕਈ ਰਾਗਣੀਆ,

ਸੰਗੀਤ ਗੁਰਮਤਿ, ਮਸਲਾ ਸਾਰਾ 31 (ਇੱਕਤੀ) ਦਾ।

ਨਾਨਕ ਵਾਂਗੂੰ ਸੱਚਾ ਸੌਦਾ ਕਰ ਤਾਂ ਸਹੀ,

ਫਿੱਕਾ ਪੈਜੂ ਰੁਤਬਾ(ਧੰਦਾ),ਝੂਠ ਦੀ ਹੱਟੀ ਦਾ।

ਇਲਮਾ ਵਾਲਿਓ, ਸੱਚਾ ਇਲਮ ਕਮਾਇਓ ਉਏ,

ਭੋਲੇ-ਭਾਲੇ ਲੋਕਾ ਨੂੰ, ਨਹੀਂ ਲੁੱਟੀ ਦਾ।

ਲੋਕ ਕਹਿਣਗੇ ਕਮਲੀ, ਸੁਣ ਲਈ ਚੁੱਪ ਕਰਕੇ,

ਪੈਰੀ ਬੰਨ ਕੇ ਘੁੰਗਰੂ, ਜਦ ਵੀ ਨੱਚੀ ਦਾ।

ਮੁਕਤ ਹੈ ਕਰਦੀ ਬਾਣੀ ਸੱਚੇ ਗੁਰੂਆ ਦੀ,

ਪਹਾੜਿਆ ਵਾਂਗੂੰ ਇਸਨੂੰ ਨਹੀਓ ਰੱਟੀ ਦਾ।

ਯੁੱਗ ਮਸ਼ੀਨੀ ਦੱਸੋ ਹੁਣ ਕਿਥੋਂ ਲੱਭਾਗੇ ?

ਕਲਮ, ਸਿਆਹੀ 'ਤੇ  'ਓ' ਲਿਖਿਆ ਫੱਟੀ ਦਾ।

ਵੱਡੀ ਬੇਬੇ ਵਿਰਸਾ ਨਾਲ ਲਿਆਈ ਸੀ,

ਖੇਸਾ ਦਾ ਜੋੜਾ, ਇੱਕ ਨਗ ਸੀ ਪੱਖੀ ਦਾ।

ਪਤਾ ਹੋਵੇ ਜਦੋਂ ਇਹ ਤੇਰਾ ਘਰ ਪੱਟਦੂ,

ਨਸ਼ਿਆ ਵਰਗੇ ਜ਼ਹਿਰ ਨੂੰ ਨਹੀਓ ਚੱਖੀ ਦਾ।

ਆਪਣੀ ਅੜੀ 'ਤੇ ਆਇਆ ਮਿਰਜਾ ਤਾਂ ਮਰਿਆ,

ਕਸੂਰ ਕੋਈ ਨੀ ਜੰਡ, ਤੀਰ 'ਤੇ ਬੱਕੀ ਦਾ।

ਮਾਂ-ਬਾਪ ਨੇ ਤੀਰਥ, ਹੁੰਦੇ ਦਰਪਣ ਵੀ,

ਇਹਨਾ ਕੋਲੋ ਪਰਦਾ ਨਹੀਓ ਰੱਖੀ ਦਾ।

ਅੰਤਾ ਨੂੰ ਨਿਰਾਸ਼ਾ ਹੀ ਪੱਲੇ ਪੈਂਦੀ ਏ,

ਕੁਝ ਨਹੀਂ ਬਣਦਾ ਹੁੰਦਾ ਬਹੁਤੇ ਸ਼ੱਕੀ ਦਾ।

ਅੰਦਰੋ ਜਿੰਨਾ ਖਾਲੀ, ਉਨਾ ਛੇਤੀ ਭਰਜੇਗਾ,

ਕੂੜ ਵਿਚਾਰਾ ਨਾਲ ਨਹੀਂ ਮਨ ਨੂੰ ਡੱਕੀ ਦਾ।

ਸੌਖੀ ਨਹੀਓ ਮਿਲਦੀ ਹੁੰਦੀ ਮੰਜ਼ਿਲ ਰਾਹੀਆ ਨੂੰ,

ਜੇ ਹੈ ਰਾਹਾ ਵਿੱਚ ਮੁਸਕਿਲ ਨਹੀਓ ਥੱਕੀ ਦਾ।

ਹਾਲਾਤ ਵੇਖ ਕੇ 'ਸ਼ਿਵਗੜ੍ਹ ਸੱਤਿਆ' ਮਾੜੇ ਦੇ,

ਕਦੇ ਵੀ ਨਹੀਓ ਉਸਦੇ ਉੱਪਰ ਹੱਸੀ ਦਾ।

ਰੱਬ ਸਭਨਾ ਨੂੰ ਇੱਕੋ ਤੱਕੜੀ ਵਿੱਚ ਤੋਲਦਾ ਏ,

ਫਰਕ ਨਹੀਂ ਪੈਂਦਾ ਮਾਸਾ, ਤੋਲਾ, ਰੱਤੀ ਦਾ।

📝 ਸੋਧ ਲਈ ਭੇਜੋ