ਲੋਕ, ਤੇ ਮੈਂ ਵੀ, ਕਹਿੰਦੇ ਹਾਂ ਤੈਨੂੰ, ਟੀਸੀ ਦਾ ਬੇਰ

ਸ਼ਾਇਦ ਤੈਨੂੰ ਗੁਮਾਨ ਹੈ, ਸਭ ਤੋਂ ਉੱਪਰ ਹੋਣ ਦਾ।

ਪਰ ਤੂੰ ਕੀ ਜਾਣੇ, ਕਿਸੇ ਦੀ ਝੋਲੀ ਵਿੱਚ ਪਿਆ,

ਜਿਆਦਾ ਨਿੱਘ ਮਾਣ ਰਿਹਾ ਹੁੰਦੈ।

ਉਪਰ ਟੀਸੀ ਤੇ, ਕੰਢਿਆ ਨਾਲ ਖਹਿ ਰਹੇ ਨਾਲੋਂ

ਡਰਦਾ ਹਾਂ ਮੈਂ, ਤੇਰੇ ਇਸ਼ਕ ਦੀ ਗਰਮੀ ਤੋਂ

ਕਿਉਕਿ,

ਮੇਰੀ ਕਮਜੋਰ ਜਿਹੀ ਜਿੰਦ ਦੀ ਕੀ ਮਜਾਲ, ਕਿ ਤੇਰੇ,

ਗੁਮਾਨ ਦੀ ਅੱਗ ਨਾਲ ਖੇਡ ਸਕੇ।

ਡਰਦਾ ਹਾਂ,

ਕਿਤੇ ਇਹ ਅੱਗ, ਤੇਰੇ ਨਾਜੁਕ ਜਿਹੇ ਦਿਲ ਨੂੰ  ਝੁਲਸ ਨਾ ਦੇਵੇ,

ਝੁਲਸੇ ਹੋਏ ਦਿਲ ਨੂੰ , ਲੋਕ ਕਹਿੰਦੇ ਨੇ ਕਾਲਾ, ਤੇ ਤੇਰੀ ਜੁਦਾਈ ਤੋਂ ਵੀ

ਭਿਆਨਕ ਦਰਦ ਹੋਵੇਗਾ ਮੈਨੂੰ,

ਜਦੋਂ ਲੋਕ ਆਖਣਗੇ ਤੈਨੂੰ, ਬੇਕਦਰ॥

ਏਨਾ ਗਰੂਰ ਵੀ ਨਾ ਕਰ, ਇਸ ਥੋੜ ਚਿਰੀ ਜਵਾਨੀ ਤੇ।

ਕਿਉਂ ਜੋ, ਗਿਣਤੀ ਦੇ ਬਚੇ ਸਾਥੀਆ ਦੇ ਨਾਂ,

ਵਾਰ ਵਾਰ ਯਾਦ ਕਰਨ ਦੀ ਉਮਰ, ਬਾਕੀ ਹੈ ਅਜੇ

ਸੋਚਦਾ ਹਾਂ, ਤੂੰ ਕਿੰਨਾ ਵਿੱਚ ਗਿਣੇਗਾ ਮੈਨੂੰ?

ਚੰਗਾ ਹੋਵੇ, ਜੇ ਤੂੰ ਮੇਰੀ ਗਿਣਤੀ ਮਰ ਗਿਆਂ ਵਿੱਚ ਹੀ ਕਰ ਲਵੇਂ ,

ਕਿਉਂਕਿ,

ਪੌਦੇ ਦੇ ਸੁੱਕ ਜਾਣ ਤੋਂ ਬਾਅਦ ਬਾਰਿਸ਼ ਦਾ ਕੋਈ ਲਾਭ ਨਹੀਂ ਹੁੰਦਾ

ਤੇਰੇ ਨੈਣ, ਮੇਰੇ ਨਾਲ ਖੇਡਦੇ ਰਹੇ, ਮ੍ਰਿਗ ਤਿ੍ਛਨਾ ਵਾਲਾ ਖੇਡ।

ਮੇਰੇ ਅਰਮਾਨਾ ਦੇ ਮ੍ਰਿਗ, ਹਮੇਸ਼ਾ ਪਿੱਛਾ ਕਰਦੇ ਸੀ, ਤੇਰੇ ਨੈਣ ਸਾਗਰ ਦਾ,

ਪਰ ਤੇਰੇ ਛਲਾਵੇ ਦੇ ਮਾਰੂਥਲ ਵਿੱਚ, ਤੜਪ ਤੜਪ ਕੇ ਜਾਣ ਦੇਣ ਦੇ ਸਿਵਾ ,

ਕੁੱਝ ਨਾ ਕਰ ਸਕੇ

ਮੈਂ ਨਹੀ ਚਾਹੁੰਦਾ, ਕਿ ਮੇਰੀ ਕਿਆਮਤ ਦੇ ਦਿਨ,

ਤੇਰੇ ਸਿਤਮਾਂ ਦੀ ਗੱਲ ਹੋਵੇ, ਤੇ ਲੋਕ ਬਾਖੂਬੀ ਸਮਝ ਲੈਣ,

ਕਿ ਜੁਲਮ ਕਰਨਾ ਤੇਰੀ ਫਿਤਰਤ ਸੀ

📝 ਸੋਧ ਲਈ ਭੇਜੋ