ਤੇਰਾ ਦਿੱਤਾ ਫੁੱਲ ਵੀ ਸੀਨੇ

ਤੇਰਾ ਦਿੱਤਾ ਫੁੱਲ ਵੀ ਸੀਨੇ ਦਾ ਖ਼ੰਜਰ ਹੋ ਗਿਆ

ਸੋਚਿਆ ਸੀ ਨਾ ਕਦੇ ਇਉਂ ਹੋਏਗਾ ਪਰ ਹੋ ਗਿਆ

ਫੁੱਲ ਤੋਂ ਮੈਂ ਅੱਗ ਬਣਿਆ ਅੱਗ ਤੋਂ ਹੋਇਆ ਮੈਂ ਨੀਰ,

ਤੜਪਿਆ ਲੁਛਿਆ ਬਹੁਤ ਫਿਰ ਸਿੱਲ ਪੱਥਰ ਹੋ ਗਿਆ

ਜਿਸ ਨੂੰ ਰੋਕਣ ਵਾਸਤੇ ਮੈਂ ਰੋਕ ਰੱਖੇ ਹਿੱਕ ਤੇ,

ਸੌ ਦਿਨਾ ਰਾਤਾਂ ਦੇ ਪਹੀਏ ਉਹ ਵੀ ਆਖਰ ਹੋ ਗਿਆ

ਦੋਸਤੀ ਕੀ ਦੁਸ਼ਮਣੀ ਕੀ, ਜਿੰਦਗੀ ਕੀ, ਮੌਤ ਕੀ,

ਜਦ ਨਜ਼ਰ ਬਦਲੀ ਤੇਰੀ ਸਭ ਕੁਝ ਬਰਾਬਰ ਹੋ ਗਿਆ

ਹੋਇਆ ਕੀ ਜੇ ਸੰਨ੍ਹ ਲੱਗੀ ਦਿਲ 'ਚ ਹੋਇਆ ਚਾਨਣਾ,

ਛਾਨਣੀ ਹੋਇਆ ਜੋ ਦਿਲ ਰਾਤਾਂ ਦਾ ਅੰਬਰ ਹੋ ਗਿਆ

ਨਾ ਕੋਈ ਮੱਥੇ 'ਚ ਚਾਨਣ ਨਾ ਕੋਈ ਸੀਨੇ 'ਚ ਸੇਕ

ਇਸ ਤਰਾਂ ਦਾ ਕਿਸ ਤਰਾਂ 'ਸੁਰਜੀਤ ਪਾਤਰ' ਹੋ ਗਿਆ

📝 ਸੋਧ ਲਈ ਭੇਜੋ