ਤੇਰਾ ਹੁਸਨ ਤੇਰਾ ਹੀ ਵੈਰੀ

ਹੁਸਨ ਤਿਰਾ ਜਾਦੂ ਕਰਦਾ ਹੈ 

ਕਸਕ ਏਸ ਦੀ ਭਾਵੇ,

ਪਿਆਰ ਤਿਰੇ ਚੋਂ ਉਠਿਆ ਮੇਰੇ, 

ਦਿਲ ਵਿਚ ਉਤਰੀ ਜਾਵੇ।

ਮਤਵਾਲੇ ਨੈਣਾ ਦੇ ਵਿਚ ਹੈ, 

ਉਹ ਕਹਿਰਾਂ ਦੀ ਮਸਤੀ

ਜ਼ਾਹਿਦ ਵੀ ਏਨ੍ਹਾਂ ਚੋਂ ਪੀ ਕੇ

ਭੁਲਦੈ ਅਪਣੀ ਹਸਤੀ

ਫਨੀਅਰ ਸੱਪ ਜੋ ਮੋਢੇ ਉਤੇ,

ਤੂੰ ਰਖਦੈਂ ਹਰ ਵੇਲੇ

ਡੱਸਣ ਦੇ ਵਿਚ ਦੋਵੇਂ ਹੀ ਨੇ 

ਹੁਸਨ ਤੇਰੇ ਦੇ ਚੇਲੇ

ਡੰਗ ਇਨ੍ਹਾਂ ਦਾ ਬਹੁਤ ਸੁਆਦੀ 

ਇਕ ਵਾਰੀ ਜੋ ਖਾਵੇ

ਦਿਲ ਉਸਦਾ ਇਹ ਚਾਹੁੰਦਾ ਹੈ ਕਿ 

ਡੰਗ ਇਹ ਖਾਂਦਾ ਜਾਵੇ

ਦੁਖ ਜੋ ਹੈ ਸੁੱਖਾਂ ਤੋਂ ਭਾਰੂ

ਉਸ ਵਲ ਸਭ ਦੀਆਂ ਅੱਖਾਂ

ਉਸ ਉੱਤੇ ਕੁਰਬਾਨ ਕਰਾਂ ਮੈਂ

ਇਹ ਸੁਖ ਅਪਣੇ ਲੱਖਾਂ । 

ਜੁੱਗਾਂ ਤੋਂ ਤੁਰਿਆ ਆਉਂਦਾ ਹੈ 

ਤੇਰਾ ਹੁਸਨ ਛਬੀਲਾ

ਮੈਂ ਵੀ ਸਦੀਆਂ ਤੋਂ ਹਮਜੋਲੀ

ਮਾਣਾਂ ਹੁਸਨ ਨਸ਼ੀਲਾ

ਸ਼ਾਹ ਬਹਿਰਾਮ ਕਦੇ ਬਣ ਜਾਵਾਂ

ਤੇ ਦਰਸ਼ਨ ਨੂੰ ਆਵਾਂ । 

ਪਿਆਰ ਦੇ ਬਦਲੇ ਪਿਆਰ ਦਏਂ ਤੂੰ

ਮਨ ਚਾਹਿਆ ਫਲ ਪਾਵਾਂ । 

ਸੱਜਣਾ ! ਦੇਖ ਲਿਆ ਤੂੰ ਵੀ ਹੁਣ

ਸਭ ਨਹੀਂ ਇਕੋ ਜੇਹੇ 

ਪਾਪ ਜਿਨ੍ਹਾਂ ਦੀ ਹੱਡੀਂ ਰਚਿਆ 

ਉਹ ਸੱਜਣ ਨੇ ਕੇਹੇ

ਜੋ ਭੌਰੇ ਨਹੀਂ ਖੁਸ਼ਬੂ ਦੇ ਤੇ

ਨਾ ਰਸ ਇਸ ਦਾ ਮਾਨਣ 

"ਤੋੜ ਕੇ ਫੁਲ ਨੂੰ ਝੋਲੀ ਪਾਈਏ"

ਇਕ ਗਲ ਉਹ ਜਾਨਣ

ਨਾ ਇਹ ਜਾਨਣ ਕਿ ਫੁਲ ਟੁੱਟਾ 

ਮੁਰਝਾ ਕੇ ਰਹਿ ਜਾਂਦਾ 

ਡਾਲੀ ਨਾਲੋਂ ਤੋੜਨ ਵਾਲਾ 

ਖ਼ੂਨ ਓਸਦੇ ਨ੍ਹਾਂਦਾ । 

ਇਹ ਖ਼ੁਦਗਰਜ਼ੀ ਦਾ ਸੌਦਾ ਹੈ

ਨਾ ਜਾਨਣ ਇਹ ਜ਼ਾਲਮ

ਇਹ ਬੇ-ਮਰਜ਼ੀ ਦਾ ਸੌਦਾ ਹੈ

ਨਾ ਜਾਨਣ ਇਹ ਜ਼ਾਲਮ

ਮੁੱਢ ਕਦੀਮੋਂ ਕਰਦੇ ਆਏ

ਅਤਿਆਚਾਰ ਲੁਟੇਰੇ 

ਮੇਰੇ ਸੱਜਣਾਂ ! ਹੁਣ ਤਕ ਪਿੱਛੇ 

ਪਏ ਹੋਏ ਨੇ ਤੇਰੇ

ਮਿਲਖ ਦਬਾਈ ਬੈਠੇ ਤੇਰੀ

ਇਹ ਜ਼ਾਲਮ ਹਤਿਆਰੇ

ਮੁਕ ਜਾਣੇ ਮੁਕਣ ਲੱਗੇ ਨੇ

ਪਰ ਜਾਰੀ ਨੇ ਕਾਰੇ । 

ਖ਼ੁਸ਼ਬੂ ਫੁਲ ਦੀ ਬਣ ਜਾਂਦੀ ਹੈ 

ਉਸਦਾ ਦੁਸ਼ਮਣ ਵੱਡਾ 

ਚੰਗਿਆਈ ਹੀ ਪੁੱਟ ਦੇਂਦੀ ਹੈ

ਚੰਗੇ ਖ਼ਾਤਰ ਖੱਡਾ।

ਤੇਰੀ ਚੰਗਿਆਈ ਨੇ ਤੇਰੇ 

ਦੁਸ਼ਮਣ ਪੈਦਾ ਕੀਤੇ

ਤੇਰੇ ਹੁਸਨ ਅਜੂਬੇ ਨੇ ਹੀ 

ਤੈਥੋਂ ਬਦਲੇ ਲੀਤੇ

ਪਰ ਇਹ ਭੈੜ ਨਹੀਂ ਹੈ ਸਜਣਾ 

ਬਹੁਤਾ ਸੁਹਣਾ ਹੋਣਾ

ਇਹ ਵੀ ਚੰਗੀ ਗਲ ਨਹੀਂ ਕੋਈ 

ਅਪਣਾ ਹੁਸਨ ਲਕੋਣਾ।

ਜੇ ਤੂੰ ਹੁਸਨ ਦੇ ਖੁਲ੍ਹੇ ਗੱਫੇ

ਵੰਡਦੈਂ ਤਾਂ ਕੀ ਹੋਇਆ ?

ਜਗ ਦੀ ਸੁਹਣੀ ਪੈਲੀ ਅੰਦਰ

ਪਿਆਰ ਤੂੰ ਜੇਕਰ ਬੋਇਆ।

ਆਪਾ ਅਪਣਾ ਵਾਰ ਕੇ ਭੀ ਤੂੰ

ਜੇ ਹੈ ਤੋੜ ਨਿਭਾਈ

ਇਹ ਤੇਰਾ ਚੰਗਾਪਨ ਹੈ ਤੇ 

ਹੈ ਤੇਰੀ ਵਡਿਆਈ

ਭੈੜੇ ਭੈੜ ਕਮਾਉਂਦੇ ਨੇ ਪਰ 

ਚੰਗਾ ਮੂਲ ਨਾ ਉੱਕੇ

ਮੁਕ ਜਾਂਦੀ ਹੈ ਬੁਰਿਆਈ ਪਰ 

ਨਾ ਚੰਗਿਆਈ ਮੁੱਕੇ।

ਮੁਕ ਜਾਣੇ ਨੇ ਇਹ ਦਿਨ ਭੈੜੇ 

ਮੁਕ ਜਾਣੇ ਨੇ ਹਾਵੇ

ਮੁਕ ਜਾਵੇਗਾ ਸਭ ਗ਼ਮ ਤੇਰਾ 

ਤੈਨੂੰ ਜਿਹੜਾ ਖਾਵੇ

ਭੌਰੇ ਤੇਰੇ ਗੂੰਜ ਰਹੇ ਨੇ

ਤੇਰੇ ਆਲ ਦੁਆਲੇ

ਵੇਖ ਜਿਨ੍ਹਾਂ ਨੂੰ ਭੱਜਣਗੇ ਇਹ 

ਸਾਰੇ ਨਫ਼ਰਤ ਵਾਲੇ।

ਜੇ ਤੂੰ ਕਰਵਟ ਲੀਤੀ ਹੈ ਹੁਣ 

ਕਾਇਆ ਪਲਟੂ ਤੇਰੀ

ਕੈਰੀ ਅੱਖੀਂ ਦੇਖੇਗਾ ਜੋ 

ਉਹ ਹੋ ਜਾਊ ਢੇਰੀ।

ਤੂੰ ਜੋ ਰਸਤਾ ਫੜਿਆ ਹੈ ਹੁਣ

ਪਾਏਗਾ ਇਹ ਪੂਰੀ

ਕੋਈ ਜਾਬਰ ਕਰ ਸਕੇਗਾ 

ਕੋਈ ਬੇਦਸਤੂਰੀ।

ਸ਼ਾਹ ਮੁੱਕੇ ਨੇ ਮੇਰੇ ਵੀ ਹੁਣ 

ਬਸ ਬਹਿਰਾਮ ਹਾਂ ਬਣਿਆ 

ਉਸ ਜਨਤਾ ਵੱਲੋਂ ਆਇਆ ਹਾਂ 

ਜਿਸ ਨੇ ਮੈਨੂੰ ਜਣਿਆ। 

ਦੋ ਦਿਨ ਦਾ ਮਹਿਮਾਨ ਹਾਂ ਤੇਰਾ

ਬਸ ਚਲਿਆਂ ਹਾਂ ਕੇ 

ਹੁਸਨ ਤਿਰੇ ਦੀ ਚਰਚਾ ਕਰਨੀ

ਮੈਂ ਵਤਨਾਂ ਵਿਚ ਜਾ ਕੇ। 

ਮੇਰੇ ਸੋਹਣੇ ਸਜਣਾ ਮੈਂ ਵੀ

ਭੌਰਾ ਹਾਂ ਇਕ ਤੇਰਾ 

ਇਹ ਕਵਿਤਾ ਦਾ ਇਕ ਗੁਲਦਸਤਾ 

ਪਿਆਰ ਕਬੂਲੀਂ ਮੇਰਾ

ਤੇਰੇ ਉੱਤੇ ਮੇਰੇ ਯਾਰਾ 

ਆਈਆਂ ਰਹਿਣ ਬਹਾਰਾਂ 

ਖ਼ੁਸ਼ੀਆਂ ਮਾਣੇਂ ਖਿੜ ਖਿੜ ਹੱਸੇਂ 

ਬਣੀਆਂ ਰਹਿਣ ਨੁਹਾਰਾਂ।

ਦਿਲ ਮੇਰੇ 'ਹਮਦਰਦ' ਦੇ ਅੰਦਰ 

ਯਾਦ ਰਹੇਗੀ ਤੇਰੀ । 

ਦੁਨੀਆ ਮੇਰੇ ਦਿਲ ਵਿਚ ਇੰਞ 

ਆਬਾਦ ਰਹੇਗੀ ਤੇਰੀ

📝 ਸੋਧ ਲਈ ਭੇਜੋ