ਤੇਰਾ ਇਕ ਦਿਲ ਏ ਜਾਂ ਦੋ

ਤੇਰਾ ਇਕ ਦਿਲ ਏ ਜਾਂ ਦੋ ।

ਕਦੇ ਲਾਵੇਂ ਕੋਹਤੂਰ 'ਤੇ ਡੇਰੇ,

ਕਦੇ ਦਿਸੇਂ ਸ਼ਾਹਰਗ ਤੋਂ ਨੇੜੇ ।

ਤੇਰੇ ਘਲ-ਘਲੇਵੇਂ ਮੈਨੂੰ,

ਪਾਂਦੇ ਪਏ ਨੇ ਇਹ ਕਨਸੋਅ ।

ਤੇਰਾ ਇਕ ਦਿਲ ਏ ਜਾਂ ਦੋ ।

ਆਪ ਕਹੇਂ ਤੂੰ ਮੈਨੂੰ ਮੰਨੋ,

ਇਹ ਪੱਥਰ ਨੇ, ਪੱਥਰ ਭੰਨੋ ।

ਆਪੇ ਤੂੰ ਬੁੱਤਖ਼ਾਨੇ ਜਾ ਕੇ,

ਬੁੱਤਾਂ ਅੰਦਰ ਕਰਨਾ ਏਂ ਲੋਅ ।

ਤੇਰਾ ਇਕ ਦਿਲ ਏ ਜਾਂ ਦੋ ।

ਦੋ ਬੰਦੇ ਤੂੰ ਆਪ ਬਣਾਵੇਂ,

ਫਿਰ ਦੋਹਾਂ ਨੂੰ ਆਪ ਸੁਣਾਵੇਂ ।

ਤੂੰ ਮੋਮਿਨ ਤੇ ਇਹ ਹੈ ਕਾਫ਼ਿਰ,

ਏਦੂੰ ਵੱਧ ਕੀ ਹੋਰ ਧਰੋਹ ।

ਤੇਰਾ ਇਕ ਦਿਲ ਏ ਜਾਂ ਦੋ ।

ਇਕ ਪੰਡਿਤ ਤੇ ਇਕ ਹੈ ਕਾਜ਼ੀ,

ਦੋ ਰੰਗੀ ਤੇ ਹੋਵੇਂ ਰਾਜ਼ੀ ।

ਸਾਫ਼ ਸਾਫ਼ ਫਿਰ ਕਹਿੰਦਾ ਕਿਉਂ ਨਹੀਂ,

ਇਹਦੇ ਵਿਚ ਕੀ ਹੋਇਆ ਲਕੋ ।

ਤੇਰਾ ਇਕ ਦਿਲ ਏ ਜਾਂ ਦੋ ।

ਇਹ ਬੰਦੇ ਜਦ ਦੋਵੇਂ ਤੇਰੇ,

ਫਿਰ ਇਹ ਕੀਹ ਨੇ ਹੇਰੇ ਫੇਰੇ ।

ਇਕ ਨੂੰ ਆਖੇਂ ਟੱਲ ਵਜਾ ਲੈ,

ਦੂਜੇ ਨੂੰ ਕਹੇਂ ਚੁੱਪ ਖਲੋ ।

ਤੇਰਾ ਇਕ ਦਿਲ ਏ ਜਾਂ ਦੋ ।

ਕਿਧਰੇ ਮਸਜਿਦ ਵਿਚ ਘਰ ਤੇਰਾ,

ਕਿਧਰੇ ਮੰਦਿਰ ਵਿਚ ਬਸੇਰਾ ।

ਫਿਰਦੀ ਤਸਬੀਹ ਮਾਲਾ ਕਿਧਰੇ,

ਦੋਹਾਂ ਦੇ ਵਿਚ ਰਿਹਾ ਸਮੋ ।

ਤੇਰਾ ਇਕ ਦਿਲ ਏ ਜਾਂ ਦੋ ।

ਤੇਰੀ ਕੁੱਲ ਖ਼ੁਦਾਈ ਇਹ ਵੇ,

ਫਿਰ ਕੀਹ ਲੁੱਟ ਮਚਾਈ ਇਹ ਵੇ ।

ਇਕ ਦੇ ਹੱਥੋਂ ਤੋੜੇਂ ਮੋਤੀ,

ਦੂਜੇ ਨੂੰ ਆਖੇਂ ਹਾਰ ਪਰੋ ।

ਤੇਰਾ ਇਕ ਦਿਲ ਏ ਜਾਂ ਦੋ ।

ਜਿਸ ਦੁਨੀਆਂ ਦੇ ਅੰਦਰ ਰਹਿਨਾ ਏਂ,

ਉਸ ਦੇ ਕੋਲੋਂ ਲੁਕ ਲੁਕ ਬਹਿਨਾ ਏਂ ।

ਮੈਂ ਨਹੀਂ ਖਹਿੜਾ ਛੱਡਣਾ ਤੇਰਾ,

ਭਾਵੇਂ ਹੱਸ ਤੇ ਭਾਵੇਂ ਰੋ ।

ਤੇਰਾ ਇਕ ਦਿਲ ਏ ਜਾਂ ਦੋ ।

ਇਹ ਪੁੱਛਿਆ ਏ ਅੱਗੇ ਹੋਰਾਂ,

ਬੇ-ਜ਼ੋਰਾਂ ਤੇ ਕੀਹ ਸ਼ਹਿਜ਼ੋਰਾਂ ।

ਸਾਡੇ ਕੋਲੋਂ ਦਾਗ਼ ਨਹੀਂ ਜਾਣਾ,

ਇਸ ਧੋਣੇ ਨੂੰ ਆਪ ਹੀ ਧੋ ।

ਤੇਰਾ ਇਕ ਦਿਲ ਏ ਜਾਂ ਦੋ ।

ਜੋ ਕਹਿਣਾ ਏਂ ਤੈਨੂੰ ਕਹਿਣਾ,

ਬਿਨ ਪੁੱਛਿਆਂ ਤੇ ਮੈਂ ਨਹੀਂ ਰਹਿਣਾ ।

ਮੈਂ ਕਹਿੰਦਾ ਹਾਂ ਮਨ ਦੀ ਜੀਭੋਂ,

ਜੋ ਹੋਵੇ ਸੋ ਹੁੰਦਾ ਹੋ ।

ਤੇਰਾ ਇਕ ਦਿਲ ਏ ਜਾਂ ਦੋ ।

ਮੱਕੇ ਪੁੱਜ ਕੇ ਗੰਗਾ ਜਾ ਕੇ,

ਗੇੜੇ ਕੱਢ ਤੇ ਟੁੱਭੇ ਲਾ ਕੇ ।

ਥੱਕਾ ਤੇ ਸਸਕਾਇਆ ਹੋਇਆ,

ਏਥੇ ਹੀ 'ਦਾਮਨ' ਗਿਆ ਖਲੋ ।

ਤੇਰਾ ਇਕ ਦਿਲ ਏ ਜਾਂ ਦੋ ।

 

📝 ਸੋਧ ਲਈ ਭੇਜੋ