ਤੇਰਾ ਮੇਰਾ ਕਾਦ੍ਹਾ ਰੌਲ਼ਾ

ਹਿਰਦੇ ਮੇਰੇ ਵੱਸ ਓ ਮੌਲਾ,

ਗਾਵਾਂ ਤੇਰਾ ਜੱਸ ਓ ਮੌਲ਼ਾ।

ਤੇਰਾ  ਮੇਰਾ  ਕਾਦ੍ਹਾ ਰੌਲ਼ਾ,

ਏਨਾ ਮੈਨੂੰ  ਦੱਸ ਓ ਮੌਲ਼ਾ।

ਅੰਬਰ ਸਾਂਝਾ, ਸੂਰਜ ਸਾਂਝਾ,

ਧਰਤੀ ਵੰਡੀ ਬਸ ਓ ਮੌਲ਼ਾ।

ਧਰਤੀ ਤਾਂ ਮਾਂ ਸਭ ਦੀ ਹੋਵੇ,

ਗੋਦ 'ਚ ਲੈਂਦੀ ਕਸ ਓ ਮੌਲ਼ਾ।

ਬੋਲਣ ਪੰਛੀ ਅਪਣੀ ਬੋਲੀ,

ਘੋਲਣ ਕੰਨੀ ਰਸ ਓ ਮੌਲ਼ਾ।

ਮਾਂ  ਬੋਲੀ   ਪੰਜਾਬੀ  ਮੇਰੀ,

ਕਿਉਂ ਨਾ ਬੋਲਾਂ ਹਸ ਓ ਮੌਲ਼ਾ।

ਤੇਰੇ ਨਾਂ 'ਤੇ ਪਾਇਆ ਲੋਕਾਂ,

ਜਾਤਾਂ ਦਾ ਘੜਮੱਸ ਓ ਮੌਲਾ।

ਸਾਨੂੰ ਜਾਤਾਂ ਦੇ ਵਿਚ ਵੰਡਿਆ,

ਅਪਣੀ ਜਾਤੀ ਦੱਸ ਓ ਮੌਲ਼ਾ।

ਸਾਰੀ ਕੁਦਰਤ ਸਭ ਦੀ ਸਾਂਝੀ,

ਬੰਦਾ  ਕਿਉਂ  ਬੇਵਸ ਓ ਮੌਲ਼ਾ।

ਅਮਰਪ੍ਰੀਤ ਸਭਨਾਂ ਵਿਚ ਹੋਵੇ,

ਏਹੋ  ਮੰਗਾਂ   ਬਸ  ਓ  ਮੌਲ਼ਾ।

📝 ਸੋਧ ਲਈ ਭੇਜੋ