ਮੈਂ ਜੀਣਾ ਚਾਹੁੰਦੀ
ਤੇਰੇ ਨਾਲ
ਜ਼ਿੰਦਗੀ ਦੇ ਆਖ਼ਰੀ
ਪੜਾਅ ਤਕ
ਦੇਖਣਾ ਚਾਹੁੰਦੀ
ਤੇਰੇ ਵਾਲਾਂ ਵਿਚ
ਚਾਂਦੀ ਦੀ ਚਮਕ
ਜਦੋਂ ਕਦੀ
ਧੁੱਪੇ
ਬੈਂਚ ਤੇ ਬੈਠਿਆਂ
ਥੱਕ ਜਾਵੇ
ਬਣਨਾ ਚਾਹੁੰਦੀ
ਲੱਕੜੀ ਦੀ ਖੂੰਡੀ
ਜਿਸ ਨੂੰ ਫੜ
ਉੱਠ ਖਲੋਵੇ
ਖਾਣਾ ਖਾਂਦਿਆਂ
ਜਦੋਂ ਕਿਰ ਜਾਵੇ ਦਾਲ
ਚਾਹੁੰਦੀ ਰੁਮਾਲ ਬਣ
ਪੂੰਝਣਾ ਤੇਰਾਂ ਮੂੰਹ
ਸੌਣ ਤੋਂ ਪਹਿਲਾਂ
ਹੱਥ ਫੜ
ਕਰਨਾ ਚਾਹੁੰਦੀ
ਬੀਤੇ ਦਿਨਾਂ ਨੂੰ ਯਾਦ
ਜਦੋਂ ਜਾਈਏ ਗਵਾਚ
ਪੁਰਾਣੇ ਸਮੇਂ ਵਿੱਚ
ਚਾਹੁੰਦੀ
ਫੜਾਉਣਾ ਰਾਤ ਨੂੰ
ਗਰਮ ਦੁੱਧ ਦਾ ਗਿਲਾਸ
ਚਾਹੁੰਦੀ ਵਾਰ ਵਾਰ ਉੱਠ ਕੇ ਦੇਖਣਾ
ਤੈਨੂੰ ਸੁੱਤਿਆ
ਸਵੇਰੇ ਫਿਰ
ਕੱਠਿਆਂ ਬਹਿ ਚਾਹ ਪੀਣਾ
ਬਸ ਜ਼ਿਆਦਾ ਨਹੀਂ
ਇੰਨਾ ਕੁ ਹੀ ਚਾਹੁੰਦੀ ਸਾਥ