ਤੇਰਾ ਮੁੱਖੜਾ ਠਰੇ ਮੌਸਮ ਦੀਆਂ
ਧੁੱਪਾਂ ਦੇ ਵਰਗਾ ਹੈ,
ਤੇਰੀ ਹਰ ਜ਼ੁਲਫ਼ ਦਾ ਸਾਇਆ ਘਣੇ
ਰੁੱਖਾਂ ਦੇ ਵਰਗਾ ਹੈ।
ਨਮੀ ਉੱਤਰੀ ਹੈ ਜੋ ਅੰਬਰੋਂ ਪਈ
ਫੁੱਲ ਬੂਟੇ ਬੂਟੇ ਤੇ,
ਇਸ ਦਾ ਹਰ ਕਤਰਾ ਕਤਰਾ ਤੇਰੀਆਂ
ਅੱਖਾਂ ਦੇ ਵਰਗਾ ਹੈ।
ਕਿਸੇ ਦਾ ਦਰਦ ਸੁਣ ਕੇ ਹੁਣ ਕਿਸੇ ਦੀ
ਅੱਖ ਨਹੀਂ ਚੋਂਦੀ,
ਮੇਰੇ ਇਸ ਸ਼ਹਿਰ ਦਾ ਹਰ ਆਦਮੀ
ਬੁੱਤਾਂ ਦੇ ਵਰਗਾ ਹੈ।
ਨਹੀਂ ਸੌਖਾ ਸਮਝਣਾ ਇਸ ਸਮੇਂ
ਲੋਕਾਂ ਦੀ ਫ਼ਿਤਰਤ ਨੂੰ,
ਜ਼ਮਾਨੇ ਵਿੱਚ ਕੋਈ ਸਾਧੂ
ਕੋਈ ਠੱਗਾਂ ਦੇ ਵਰਗਾ ਹੈ।
ਬਹਾਰਾਂ, ਪੱਤਝੜਾਂ, ਸੋਕਾ ਕਦੇ
ਹੁੰਦੀਆਂ ਨੇ ਬਰਸਾਤਾਂ,
ਸੁਭਾਅ ਜੀਵਨ ਦਾ ਬਿਲਕੁਲ ਹੀ ਨਿਰਾ
ਰੁੱਤਾਂ ਦੇ ਵਰਗਾ ਹੈ।