ਤੇਰਾ ਸ਼ਹਿਰ ਹੁਣ ਪੀੜਾਂ ਵਾਲਾ ਨੀਂ,
ਇੱਥੋਂ ਮਿਲਦੇ ਗੀਤ ਨੇ ਦਰਦ ਵਾਲੇ।
ਉਹ ਰਾਹੀ ਹੋਣਗੇ ਜੋ ਬੱਚ ਲੰਘ ਜਾਂਦੇ,
ਸੀਨਾ ਚੀਰ ਜਾਂਦੇ ਸਾਹ ਕਰਦ ਵਾਲੇ।
ਇਸ ਦੀ ਹਵਾ ਵਿੱਚ ਨਮੀ ਹੈ ਹੰਝੂਆਂ ਦੀ,
ਧੁੱਪੇ ਛਾਂ ਲਗਦੀ ਐ ਲਾਰਿਆਂ ਦੀ।
ਜੋ ਕੋਈ ਵੀ ਮਿਲਦਾ ਦੁੱਖ ਸੁਣਾਵੇ ਆਪਣੇ,
ਇੱਥੇ ਮਹਿਫ਼ਲ ਲੱਗਦੀ ਐ ਵਿਚਾਰਿਆਂ ਦੀ।
ਇੱਥੇ ਰਿਮ-ਝਿਮ ਹੁੰਦੀ ਏ ਹਰ ਪਲ,
ਕਦੇ ਕਲਮ 'ਚੋਂ ਤੇ ਕਦੀ ਲਿਖਾਰੀ 'ਚੋਂ।
ਖ਼ੁਦਾ ਦੀ ਰੂਹ ਵੀ ਤੜਫ਼ ਉੱਠਦੀ,
ਜਦ ਜਾਨ ਵੀ ਕੱਢ ਲੈਂਦੇ ਨੇ ਭਿਖਾਰੀ 'ਚੋਂ।
ਤੇਰੇ ਸ਼ਹਿਰ ਰਹਿੰਦੇ ਕਾਲੇ ਦਿਲ ਵਾਲੇ,
ਦਿਲ ਤੋੜਦੇ ਨੇ ਜੋ ਕੱਚ ਵਾਂਗਰਾਂ।
ਐਸੇ ਅੱਖਾਂ ਦੇ ਜਲਵੇ ਪਾਗਲ ਬਣਾ ਲੈਂਦੇ,
ਝੂਠ ਵੀ ਲੱਗਦੇ ਨੇ ਜੋ ਸੱਚ ਵਾਂਗਰਾਂ।
ਤੇਰਾ ਸ਼ਹਿਰ ਤਾਂ ਬਹੁਤ ਹੀ ਸੋਹਣਾ ਏ,
ਦਿਲਾਂ ਦੇ ਟੁਕੜਿਆਂ ਨਾਲ ਬਣਾਇਆ ਹੋਣਾ।
ਝੂਠੇ ਮਹਿਲ ਇੱਥੇ ਬੜੇ ਖ਼ਾਅਬਾਂ ਦੇ,
ਕਿੰਨੇ ਆਸ਼ਕਾਂ ਨੂੰ ਤੂੰ ਦਿਖਾਇਆ ਹੋਣਾ।
ਇੱਥੇ ਜਾਲ ਨੇ ਲੰਮੇ ਤੇਰੀਆਂ ਅੱਖਾਂ ਦੇ,
ਹਰ ਪਲ ਕੋਈ ਨਾ ਕੋਈ ਤੂੰ ਫ਼ਸਾਇਆ ਹੋਣਾ।
ਦਰਦ ਲੈ ਬਹਿੰਦਾ ਉਹ ਆਪਣੇ ਯਾਰ ਵਾਂਗਰਾਂ,
ਲੱਗਦਾ ਸ਼ੈਰੀ ਨੂੰ ਵੀ ਸ਼ਾਇਰ ਤੂੰ ਬਣਾਇਆ ਹੋਣਾ।