ਮੁੱਖੋਂ ਸਤਿਨਾਮੁ ਗੁਰੂ ਜੀ ਨੇ ਬੋਲਦੇ।
ਮੋਦੀਖਾਨੇ ਬੈਠੇ ਤੇਰਾ ਤੇਰਾ ਤੋਲਦੇ।
ਸੁਲਤਾਨਪੁਰ ਗੁਰਾਂ ਲਾਈਆਂ ਰੌਣਕਾਂ,
ਮਿੱਠੇ-ਮਿੱਠੇ ਬੋਲ ਮਿਸ਼ਰੀ ਘੋਲਦੇ।
ਵਹਿਮਾਂ ਭਰਮਾਂ ਤੋਂ ਸਭ ਨੂੰ ਹੀ ਰੋਕਦੇ,
ਸੱਚੀ ਗੱਲ ਕਹਿਣ ਤੋਂ ਕਦੇ ਨਾ ਡੋਲਦੇ।
ਵਾਹਿਗੁਰੂ ਸਾਡੇ ਅੰਦਰ ਹੀ ਲੱਭਣਾ,
ਲੋਕੋ! ਬਾਹਰ ਫਿਰਦੇ ਹੋ ਕੀ ਟੋਲਦੇ?
ਭਰ ਭਰ ਝੋਲੀਆਂ ਨੇ ਦਾਣੇ ਵੰਡਦੇ,
ਨੱਕੋ ਨੱਕ ਰਹਿਣ ਦਾਣੇ ਵਿਚ ਢੋਲ ਦੇ।
ਮੋਦੀਖਾਨਾ ਵਾਧੇ 'ਚ ਰਹੇ ਚਲਦਾ,
ਦੋਖੀ ਹੋਏ ਦੰਗ ਹਿਸਾਬ ਫਰੋਲਦੇ।
ਬਾਬੇ ਦੀਆਂ ਰਮਜ਼ਾਂ ਉਹ ਹੀ ਜਾਣਦਾ,
ਬਾਬੇ ਦੇ ਬਚਨਾਂ ਨੂੰ ਜਿਹੜੇ ਗੌਲਦੇ।
ਅਮਰ ਝੁਕਾਉਂਦੀ ਸੀਸ ਦੁਨੀਆਂ ਸਾਰੀ,
ਧੰਨ ਗੁਰੂ ਨਾਨਕ ਹੀ ਸਾਰੇ ਬੋਲਦੇ।