ਤੇਰੇ ਬਾਝੋਂ ਝੱਲੀ ਹੋਈ

ਤੇਰੇ ਬਾਝੋਂ ਝੱਲੀ ਹੋਈ ।

ਸਭ ਦੀ ਹੋ ਕੇ ਕੱਲੀ ਹੋਈ ।

ਜਿਉਂਦੀ ਹਾਂ ਪਰ ਲੱਗਦੀ ਮੋਈ ।

ਤੇਰੇ ਜਿਹਾ ਦਿਖੇ ਹੋਰ ਨਾ ਕੋਈ ।

ਪੀੜਾਂ ਪੀੜ੍ਹੀ ਪੈ ਚੱਲੀ ਹਾਂ,

ਤੇਰੀ ਮਿੱਟੀ ਨਾਲ ਸ਼ਿਕਵੇ ਕਰਨੇ ।

ਮੜ੍ਹੀਆਂ ਹੂੰਝਣ ਚੱਲੀ ਹਾਂ ।

ਚੱਕੀ ਆਟਾ ਲੱਗ ਪਈ ਪੀਹਣ ।

ਦਿਲ 'ਚ ਰੀਝਾਂ ਮੋਈਆਂ ਜੀਣ ।

ਤ੍ਰੇਹ ਲੱਗੀ, ਹੰਝੂ ਲੈਣ ਹਲੂਣੇ ।

ਪੀਤੇ ਪਾਪੀ, ਨਿੱਕ੍ਹਲੇ ਲੂਣੇ ।

ਤੇਰੀ ਯਾਦ ਚ ਹੋਈ ਝੱਲੀ ਹਾਂ ।

ਤੇਰੀ ਮਿੱਟੀ ਨਾਲ ਸ਼ਿਕਵੇ ਕਰਨੇ ।

ਮੜ੍ਹੀਆਂ ਹੂੰਝਣ ਚੱਲੀ ਹਾਂ ।

ਦਿਲ ਦੀ ਗੱਲ ਨਾ ਸਮਝੇ ਕੋਈ ।

ਕਿਸੇ ਕੋਲ ਕਦੇ ਬਹਿ ਨਾ ਰੋਈ ।

ਦਿਲ ਤੋਂ ਛਿਛੜੇ ਲਹਿ ਲਹਿ ਡਿੱਗੇ ।

ਅੱਲੇ ਜ਼ਖ਼ਮ ਨਾ ਖੁਰਕੇ ਕੋਈ ।

ਵਿਹਾਰੀ ਕਰਦੀ ਗੱਲੀਂ ਆਂ ।

ਤੇਰੀ ਮਿੱਟੀ ਨਾਲ ਸ਼ਿਕਵੇ ਕਰਨੇ ।

ਮੜ੍ਹੀਆਂ ਹੂੰਝਣ ਚੱਲੀ ਹਾਂ ।

ਜੱਗ ਨੇ ਦੇ 'ਤੀ ਚਿੱਟੀ ਲੋਈ ।

ਸੱਧਰ ਅੰਦਰੋਂ ਇੱਕ ਨਾ ਮੋਈ ।

ਹੱਟੀ ਵਿਕਦੇ ਸੂਹੇ ਲੀੜੇ ।

ਚੂੜੀਆਂ ਦੇ ਨਾਲ ਟੰਗੇ ਕਲੀਰੇ ।

ਮੇਰਾ ਵੱਸ ਚੱਲੇ ਝੱਟ ਪਾ ਲਾਂ' ।

ਲੋਕੀਂ ਕਹਿਣਗੇ, ਤੂੰ ਅਵੱਲੀ ਆਂ?

ਤੇਰੀ ਮਿੱਟੀ ਨਾਲ ਸ਼ਿਕਵੇ ਕਰਨੇ ।

ਮੜ੍ਹੀਆਂ ਹੂੰਝਣ ਚੱਲੀ ਹਾਂ ।

📝 ਸੋਧ ਲਈ ਭੇਜੋ