ਤੇਰੇ ਬੰਦੇ ਕਜ਼ਾ ਤੋਂ ਡਰਦੇ ਨੇ

ਤੇਰੇ ਬੰਦੇ ਕਜ਼ਾ ਤੋਂ ਡਰਦੇ ਨੇ।

ਪਿਆਰ ਜੀਵਨ ਨੂੰ ਕਿੰਨਾ! ਕਰਦੇ ਨੇ।

ਮੌਤ ਆਏ ਨਾ ਆਏ ਪਰ ਫਿਰ ਵੀ,

ਲੋਕ ਜੀਵਨ ਲਈ ਹੀ ਮਰਦੇ ਨੇ।

ਕਿਸਨੂੰ ਆਖਾਂ ਬੁਰਾ ਹੈ ਇਹ ਬੰਦਾ,

ਸਾਰੇ ਬੰਦੇ ਹੀ ਮੇਰੇ ਘਰ ਦੇ ਨੇ

ਬਾਜ਼ੀ ਜਿੱਤਣੀ ਨਿਰਾ ਨਸੀਬ ਨਹੀਂ,

ਜੋ ਵੀ ਹਰਦੇ ਨੇ ਖ਼ੁਦ ਤੋਂ ਹਰਦੇ ਨੇ।

ਲੋਕ ਸੱਥਾਂ 'ਚ ਬੈਠੇ ਰੱਬ ਵਰਗੇ,

ਇਕ ਚੁੱਕਦੇ ਨੇ ਦੂਜੀ ਧਰਦੇ ਨੇ।

ਜੋ ਕਿਨਾਰੇ ਖੜ੍ਹੇ ਉਹ ਕੀ! ਜਾਨਣ,

ਜਿਹੜੇ ਡੁੱਬਦੇ ਨੇ ਉਹੀਓ ਤਰਦੇ ਨੇ।

ਜੀਂਦੇ-ਜੀਅ ਆਉਂਦੇ ਨਜ਼ਰ ਨਹੀਂ ਸ਼ਾਇਰ,

ਲੋਕ ਕਬਰਾਂ ਤੇ ਫੁੱਲ ਧਰਦੇ ਨੇ।

📝 ਸੋਧ ਲਈ ਭੇਜੋ